ਹਾਂਗਜ਼ੂ ਵਿਖੇ 23 ਸਤੰਬਰ ਤੋਂ 8 ਅਕਤੂਬਰ ਤੱਕ ਹੋਣ ਵਾਲੀਆਂ 19ਵੀਆਂ ਏਸ਼ਿਆਈ ਖੇਡਾਂ ਦੇ ਨਾਲ ਚੀਨ ਤੀਜੀ ਵਾਰ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰਨ ਵਾਲਾ ਮੁਲਕ ਬਣ ਜਾਵੇਗਾ।
ਇਸ ਤੋਂ ਪਹਿਲਾਂ ਥਾਈਲੈਂਡ ਚਾਰ ਅਤੇ ਦੱਖਣੀ ਕੋਰੀਆ ਤਿੰਨ ਵਾਰ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰ ਚੁੱਕੇ ਹਨ।


ਇਸ ਤੋਂ ਇਲਾਵਾ ਭਾਰਤ, ਇੰਡੋਨੇਸ਼ੀਆ ਤੇ ਜਪਾਨ ਨੇ ਦੋ-ਦੋ ਅਤੇ ਫਿਲਪਾਈਨਜ਼, ਇਰਾਨ ਤੇ ਕਤਰ ਨੇ ਇੱਕ-ਇੱਕ ਵਾਰ ਏਸ਼ਿਆਈ ਖੇਡਾਂ ਦੀ ਮੇਜ਼ਬਾਨੀ ਕੀਤੀ ਹੈ।



ਏਸ਼ਿਆਈ ਖੇਡਾਂ ਦਾ ਜਨਮਦਾਤਾ ਮੁਲਕ ਭਾਰਤ ਹੈ ਜਿਸ ਨੇ 1951 ਵਿੱਚ 4 ਤੋਂ 11 ਮਾਰਚ ਤੱਕ ਨਵੀਂ ਦਿੱਲੀ ਵਿਖੇ ਪਹਿਲੀਆਂ ਏਸ਼ਿਆਈ ਖੇਡਾਂ ਕਰਵਾਈਆਂ ਸਨ। 11 ਮੁਲਕਾਂ ਦੇ 489 ਖਿਡਾਰੀਆਂ ਨੇ 6 ਖੇਡਾਂ ਦੇ 57 ਈਵੈਂਟਾਂ ਵਿੱਚ ਹਿੱਸਾ ਲਿਆ ਸੀ।



ਏਸ਼ਿਆਈ ਖੇਡਾਂ ਵਿੱਚ ਹੁਣ ਤੱਕ ਸੱਤ ਹੀ ਅਜਿਹੇ ਮੁਲਕ ਹਨ ਜਿਨ੍ਹਾਂ ਨੇ ਹਰ ਵਾਰ ਹਿੱਸਾ ਲਿਆ ਹੈ। ਇਹ ਮੁਲਕ ਭਾਰਤ, ਸਿੰਗਾਪੁਰ, ਸ੍ਰੀਲੰਕਾ, ਇੰਡੋਨੇਸ਼ੀਆ, ਜਪਾਨ, ਫਿਲਪਾਈਨਜ਼ ਤੇ ਥਾਈਲੈਂਡ ਹਨ।



ਏਸ਼ਿਆਈ ਖੇਡਾਂ ਹਮੇਸ਼ਾਂ ਚਾਰ ਸਾਲ ਬਾਅਦ ਹੁੰਦੀਆਂ ਹਨ। ਪਹਿਲੀਆਂ (ਨਵੀਂ ਦਿੱਲੀ 1951) ਤੇ ਦੂਜੀਆਂ (1954 ਮਨੀਲਾ) ਏਸ਼ਿਆਈ ਖੇਡਾਂ ਵਿਚਾਲੇ ਸਿਰਫ਼ ਤਿੰਨ ਸਾਲ ਦਾ ਫਾਸਲਾ ਸੀ ਜਦੋਂ ਕਿ ਐਤਕੀਂ ਪਹਿਲੀ ਵਾਰ ਪੰਜ ਸਾਲ ਦੇ ਵਕਫ਼ੇ ਬਾਅਦ ਖੇਡਾਂ ਕਰਵਾਈਆਂ ਜਾ ਰਹੀਆਂ ਹਨ।



ਹਾਂਗਜ਼ੂ ਵਿਖੇ 19 ਸਤੰਬਰ ਨੂੰ ਵਾਲੀਬਾਲ, ਫੁਟਬਾਲ ਤੇ ਕ੍ਰਿਕਟ ਮੁਕਾਬਲਿਆਂ ਦੀ ਸ਼ੁਰੂਆਤ ਨਾਲ ਆਗਾਜ਼ ਹੋ ਜਾਵੇਗਾ, ਪਰ ਰਸਮੀ ਉਦਘਾਟਨ ਸਮਾਰੋਹ 23 ਸਤੰਬਰ ਨੂੰ ਹੋਵੇਗਾ ਅਤੇ 8 ਅਕਤੂਬਰ ਨੂੰ ਸਮਾਪਤੀ ਸਮਾਰੋਹ ਹੋਵੇਗਾ।



ਹਾਂਗਜ਼ੂ ਏਸ਼ਿਆਈ ਖੇਡਾਂ ਦੇ ਤਿੰਨ ਮਾਸਕਟ ਕੌਂਗਕੌਂਗ, ਲਿਆਨਲਿਅਨ ਤੇ ਚੇਨਚੇਨ ਹਨ ਜੋ ਕਿ ਜਿਆਂਗਨਾਨ ਦੀਆਂ ਯਾਦਾ ਵਜੋਂ ਜਾਣੇ ਜਾਂਦੇ ਹਨ।