Indian Cricketer Retirement: ਇੰਡੀਅਨ ਪ੍ਰੀਮੀਅਰ ਲੀਗ ਦੇ ਸੀਜ਼ਨ 17 ਨੂੰ ਲੈ ਪ੍ਰਸ਼ੰਸਕਾਂ ਵਿਚਾਲੇ ਤਗੜਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਹੁਣ ਕ੍ਰਿਕਟ ਪ੍ਰੇਮੀ ਫਾਈਨਲ ਦਾ ਇੰਤਜ਼ਾਰ ਕਰ ਰਹੇ ਹਨ। ਇਸ ਸੀਜ਼ਨ ਦੇ ਖਤਮ ਹੁੰਦੇ ਹੀ ਕੁਝ ਭਾਰਤੀ ਖਿਡਾਰੀ ਸੰਨਿਆਸ ਦਾ ਐਲਾਨ ਕਰ ਦੇਣਗੇ। ਅਜਿਹੇ 'ਚ ਆਓ ਜਾਣਦੇ ਹਾਂ ਅਜਿਹੇ ਭਾਰਤੀ ਖਿਡਾਰੀਆਂ ਬਾਰੇ, ਜੋ IPL 2024 ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕਰ ਸਕਦੇ ਹਨ। ਇਸ ਸੂਚੀ 'ਚ ਪਹਿਲਾ ਨਾਂ ਚੇਨਈ ਸੁਪਰ ਕਿੰਗਜ਼ ਦੇ ਸਾਬਕਾ ਕਪਤਾਨ ਐਮਐਸ ਧੋਨੀ ਦਾ ਹੈ, ਜੋ ਪੂਰੀ ਤਰ੍ਹਾਂ ਫਿੱਟ ਨਾ ਹੋਣ ਕਾਰਨ ਕ੍ਰਿਕਟ ਤੇ ਆਈਪੀਐਲ ਨੂੰ ਅਲਵਿਦਾ ਕਹਿ ਸਕਦੇ ਹਨ। ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਵੀ IPL 2024 ਤੋਂ ਬਾਅਦ ਸੰਨਿਆਸ ਲੈ ਸਕਦੇ ਹਨ। ਉਹ ਇਸ ਬਾਰੇ ਕਈ ਵਾਰ ਸੰਕੇਤ ਦੇ ਚੁੱਕੇ ਹਨ ਤੇ ਹੁਣ ਉਨ੍ਹਾਂ ਦੀ ਉਮਰ (38 ਸਾਲ) ਵੀ ਕਾਫੀ ਵੱਧ ਗਈ ਹੈ। ਲਖਨਊ ਸੁਪਰ ਜਾਇੰਟਸ ਲਈ ਖੇਡ ਰਹੇ ਅਮਿਤ ਮਿਸ਼ਰਾ ਵੀ IPL 2024 ਦੇ ਅੰਤ ਦੇ ਨਾਲ ਹੀ ਕ੍ਰਿਕਟ ਤੋਂ ਸੰਨਿਆਸ ਲੈ ਸਕਦੇ ਹਨ। ਉਹ 41 ਸਾਲ ਦੇ ਹਨ। ਇਸ ਲਈ ਉਹ ਹੁਣ ਬਹੁਤ ਘੱਟ ਮੈਚਾਂ ਵਿੱਚ ਪਲੇਇੰਗ 11 ਦਾ ਹਿੱਸਾ ਬਣੇ ਹਨ। ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ ਵੀ IPL 2024 ਮਗਰੋਂ ਸੰਨਿਆਸ ਲੈ ਸਕਦੇ ਹਨ। ਵਧਦੀ ਉਮਰ (38 ਸਾਲ) ਦੇ ਨਾਲ ਉਨ੍ਹਾਂ ਦੇ ਪ੍ਰਦਰਸ਼ਨ ਵਿੱਚ ਮਹੱਤਵਪੂਰਨ ਗਿਰਾਵਟ ਆਈ ਹੈ। ਦਿੱਲੀ ਕੈਪੀਟਲਸ ਲਈ ਖੇਡ ਰਹੇ ਇਸ਼ਾਂਤ ਸ਼ਰਮਾ ਦੀ ਉਮਰ 35 ਸਾਲ ਹੈ ਤੇ ਉਹ ਪਿਛਲੇ ਸਮੇਂ ਤੋਂ ਕੁਝ ਖਾਸ ਨਹੀਂ ਕਰ ਸਕੇ। ਅਜਿਹੇ 'ਚ ਦਿੱਲੀ ਸ਼ਾਇਦ ਹੀ ਉਨ੍ਹਾਂ ਨੂੰ ਦੁਬਾਰਾ ਖਰੀਦ ਸਕੇ, ਜਿਸ ਕਾਰਨ ਉਹ ਸੰਨਿਆਸ ਦਾ ਐਲਾਨ ਕਰ ਸਕਦੇ ਹਨ। ਮੁੰਬਈ ਇੰਡੀਅਨਜ਼ ਦੇ ਸਟਾਰ ਸਪਿਨਰ ਪਿਯੂਸ਼ ਚਾਵਲਾ ਦੇ ਆਈਪੀਐਲ 2024 ਤੋਂ ਬਾਅਦ ਸੰਨਿਆਸ ਲੈਣ ਦੀਆਂ ਬਹੁਤ ਸੰਭਾਵਨਾਵਾਂ ਹਨ। IPL 2025 ਦੀ ਮੇਗਾ ਨਿਲਾਮੀ ਵਿੱਚ ਸ਼ਾਇਦ ਹੀ ਕੋਈ ਉਨ੍ਹਾਂ 'ਤੇ ਬੋਲੀ ਲਗਾਉਂਦਾ ਨਜ਼ਰ ਆਵੇਗਾ। IPL 2024 ਤੋਂ ਬਾਅਦ ਗੁਜਰਾਤ ਟਾਈਟਨਸ ਲਈ ਖੇਡ ਰਹੇ ਰਿਧੀਮਾਨ ਸਾਹਾ ਵੀ ਸੰਨਿਆਸ ਦਾ ਐਲਾਨ ਕਰ ਸਕਦੇ ਹਨ। ਇਸ ਸੀਜ਼ਨ 'ਚ ਉਨ੍ਹਾਂ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ। ਇਸ ਤੋਂ ਇਲਾਵਾ ਉਨ੍ਹਾਂ ਦੀ ਉਮਰ ਵੀ 39 ਸਾਲ ਹੋ ਗਈ ਹੈ।