ਬਾਲੀਵੁੱਡ ਦੇ ਹੀਮੈਨ ਧਰਮਿੰਦਰ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਨ੍ਹਾਂ ਨੇ ਇਸੇ ਮਹੀਨੇ ਆਪਣਾ 88ਵਾਂ ਜਨਮਦਿਨ ਮਨਾਇਆ ਹੈ।



ਧਰਮਿੰਦਰ 88 ਦੀ ਉਮਰ 'ਚ ਵੀ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ। ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੇ ਹੀਮੈਨ ਬਾਰੇ ਅਜਿਹਾ ਕਿੱਸਾ ਦੱਸਣ ਜਾ ਰਹੇ ਹਾਂ,



ਜਿਸ ਨੂੰ ਪੜ੍ਹ ਤੁਸੀਂ ਵੀ ਐਕਟਰ ਦੀ ਸਾਦਗੀ ਦੇ ਕਾਇਲ ਹੋ ਜਾਓਗੇ। ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨੂੰ ਜਿਨ੍ਹਾਂ ਉਨ੍ਹਾਂ ਦੀ ਐਕਟਿੰਗ ਲਈ ਜਾਣਿਆ ਜਾਂਦਾ ਹੈ,



ਉਨ੍ਹਾਂ ਹੀ ਉਹ ਆਪਣੇ ਨਿਮਰ ਸੁਭਾਅ ਤੇ ਇਮਾਨਦਾਰੀ ਲਈ ਜਾਣੇ ਜਾਂਦੇ ਹਨ। ਧਰਮਿੰਦਰ ਉਹ ਸ਼ਖਸੀਅਤ ਹਨ, ਜਿਨ੍ਹਾਂ ਨੂੰ ਸ਼ਾਇਦ ਹੀ ਕੋਈ ਨਫਰਤ ਕਰਦਾ ਹੋਵੇਗਾ।



ਇਹ ਗੱਲ 60-70 ਦੇ ਦਹਾਕਿਆਂ ਦੀ ਹੈ, ਜਦੋਂ ਧਰਮਿੰਦਰ ਬਾਲੀਵੁੱਡ ਫਿਲਮ ਇੰਡਸਟਰੀ 'ਚ ਸਥਾਪਤ ਹੋਣ ਲਈ ਸੰਘਰਸ਼ ਕਰ ਰਹੇ ਸੀ। ਧਰਮਿੰਦਰ ਨੇ ਆਪਣੇ ਕਈ ਇੰਟਰਵਿਊਜ਼ 'ਚ ਦੱਸਿਆ ਹੈ ਕਿ



ਉਹ ਇੱਕ ਪੀਜੀ 'ਚ ਰਹਿੰਦੇ ਹੁੰਦੇ ਸੀ, ਜਿੱਥੇ ਉਨ੍ਹਾਂ ਨੂੰ 4-5 ਮੁੰਡਿਆਂ ਨਾਲ ਕਮਰਾ ਸ਼ੇਅਰ ਕਰਨਾ ਪੈਂਦਾ ਸੀ। ਇਸ ਦੇ ਨਾਲ ਨਾਲ ਉਨ੍ਹਾਂ ਕੋਲ ਇਨ੍ਹਾਂ ਦਿਨਾਂ 'ਚ ਖਾਣ ਤੱਕ ਦੇ ਪੈਸੇ ਵੀ ਨਹੀਂ ਹੁੰਦੇ ਸੀ।



ਧਰਮਿੰਦਰ ਜਿਸ ਸਟੂਡੀਓ 'ਚ ਸ਼ੂਟਿੰਗ ਕਰਦੇ ਹੁੰਦੇ ਸੀ। ਉਸ ਦੇ ਨੇੜੇ ਇੱਕ ਹੋਟਲ ਸੀ। ਉੱਥੇ ਸੰਘਰਸ਼ ਕਰਨ ਵਾਲੇ ਐਕਟਰ ਅਕਸਰ ਉਧਾਰੀ 'ਤੇ ਖਾਣਾ ਖਾਂਦੇ ਹੁੰਦੇ ਸੀ। ਧਰਮਿੰਦਰ ਵੀ ਉਨ੍ਹਾਂ ਵਿੱਚੋਂ ਇੱਕ ਸੀ।



ਹੋਟਲ ਦੇ ਮਾਲਕ ਦਾ ਨਾਂ ਗੁਪਤਾ ਸੀ। ਸਭ ਉਨ੍ਹਾਂ ਨੂੰ ਪਿਆਰ ਨਾਲ ਗੁਪਤਾ ਜੀ ਕਹਿੰਦੇ ਹੁੰਦੇ ਸੀ। ਧਰਮਿੰਦਰ ਉੱਥੋਂ ਦੋਵੇਂ ਟਾਈਮ ਦਾ ਖਾਣਾ ਉਧਾਰ ਹੀ ਖਾਂਦੇ ਸੀ। ਖਾਣਾ ਖਾਂਦੇ ਖਾਂਦੇ ਬਿੱਲ 200 ਰੁਪਏ ਹੋ ਗਿਆ। ਉਸ ਸਮੇਂ 200 ਰੁਪਏ ਵੀ ਕਾਫੀ ਹੁੰਦੇ ਸੀ।



ਬਾਅਦ ਵਿੱਚ ਧਰਮਿੰਦਰ ਸਟਾਰ ਬਣੇ ਅਤੇ ਫਿਰ ਸੁਪਰਸਟਾਰ। ਪਰ ਉਹ ਗੁਪਤਾ ਜੀ ਤੇ ਉਨ੍ਹਾਂ ਦੇ ਹੋਟਲ ਬਾਰੇ ਭੁੱਲ ਗਏ। ਇੱਕ ਦਿਨ ਅਚਾਨਕ ਉਹੀ ਸਟੂਡੀਓ ਦੇ ਮੂਹਰਿਓਂ ਲੰਘਦੇ ਹੋਏ ਧਰਮ ਪਾਜੀ ਨੂੰ ਯਾਦ ਆਇਆ ਕਿ ਇਹ ਤਾਂ ਉਹੀ ਹੋਟਲ ਹੈ ਜਿੱਥੇ ਉਹ ਉਧਾਰ ਖਾਣਾ ਖਾਂਦੇ ਸੀ। ਉਨ੍ਹਾਂ ਨੂੰ ਅਫਸੋਸ ਹੋਇਆ ਕਿ ਉਨ੍ਹਾਂ ਨੇ ਹੋਟਲ ਦਾ ਬਿੱਲ ਨਹੀਂ ਚੁਕਾਇਆ।



ਫਿਰ ਕੀ ਸੀ, ਧਰਮ ਪਾਜੀ ਨੇ ਆਪਣੀ ਕਾਰ ਰੁਕਵਾ ਦਿੱਤੀ ਅਤੇ ਹੋਟਲ ਪਹੁੰਚੇ। ਹੋਟਲ ਪਹੁੰਚਦੇ ਸਾਰ ਉਨ੍ਹਾਂ ਨੇ ਗੁਪਤਾ ਜੀ ਕੋਲੋਂ ਮੁਆਫੀ ਮੰਗੀ ਅਤੇ ਉਨ੍ਹਾਂ ਨੂੰ ਪੁਰਾਣਾ ਬਿੱਲ ਅਦਾ ਕੀਤਾ, ਪਰ ਗੁਪਤਾ ਜੀ ਨੇ ਧਰਮਿੰਦਰ ਤੋਂ ਪੈਸੇ ਨਹੀਂ ਲਏ। ਸਗੋਂ ਹੋਟਲ ਮਾਲਕ ਨੇ ਧਰਮਿੰਦਰ ਬਹੁਤ ਚੰਗੀ ਖਾਤਰਦਾਰੀ ਕੀਤੀ।