ਬੀਆਰ ਚੋਪੜਾ ਨੇ ਕਈ ਫਿਲਮਾਂ ਦਾ ਨਿਰਦੇਸ਼ਨ ਕੀਤਾ ਸੀ। ਇਨ੍ਹਾਂ ਵਿੱਚੋਂ ਇੱਕ ਸੀ ‘ਨਯਾ ਦੌਰ’। ਬੀ ਆਰ ਚੋਪੜਾ ਨੇ ਇਸ ਫਿਲਮ ਵਿੱਚ ਮਧੂਬਾਲਾ ਅਤੇ ਦਿਲੀਪ ਕੁਮਾਰ ਨੂੰ ਕਾਸਟ ਕੀਤਾ ਸੀ। ਹਾਲਾਂਕਿ, ਬਾਅਦ ਵਿੱਚ ਬੀ ਆਰ ਚੋਪੜਾ ਨੂੰ ਮਧੂਬਾਲਾ ਦੇ ਖਿਲਾਫ ਕੇਸ ਦਾਇਰ ਕਰਨਾ ਪਿਆ ਅਤੇ ਇਹੀ ਕਾਰਨ ਸੀ ਕਿ ਦਿਲੀਪ ਕੁਮਾਰ ਕਦੇ ਵੀ ਮਧੂਬਾਲਾ ਕੋਲ ਵਾਪਸ ਨਹੀਂ ਆਏ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਬੀ ਆਰ ਚੋਪੜਾ ਆਪਣੀ ਫਿਲਮ 'ਨਯਾ ਦੌਰ' ਲਈ ਮੁੱਖ ਕਲਾਕਾਰਾਂ ਨੂੰ ਕਾਸਟ ਕਰ ਰਹੇ ਸਨ। ਉਨ੍ਹਾਂ ਨੂੰ ਇਸ ਫਿਲਮ ਲਈ ਮਧੂਬਾਲਾ ਅਤੇ ਦਿਲੀਪ ਕੁਮਾਰ ਦੀ ਜੋੜੀ ਪਸੰਦ ਆਈ ਸੀ। ਉਨ੍ਹਾਂ ਨੇ ਦੋਵੇਂ ਸਟਾਰਜ਼ ਨੂੰ ਸਾਈਨ ਵੀ ਕਰ ਲਿਆ ਸੀ। ਫਿਲਮ ਦੀ ਸ਼ੂਟਿੰਗ ਮੱਧ ਪ੍ਰਦੇਸ਼ 'ਚ ਹੋਣੀ ਸੀ। ਮਧੂਬਾਲਾ ਦੇ ਪਿਤਾ ਉਨ੍ਹਾਂ 'ਤੇ ਬਹੁਤ ਸਖਤ ਸਨ। ਇਸ ਦੇ ਨਾਲ ਨਾਲ ਮਧੂ ਦੇ ਪਿਤਾ ਨੂੰ ਦਿਲੀਪ ਕੁਮਾਰ ਤੇ ਮਧੂਬਾਲਾ ਦੇ ਰਿਸ਼ਤੇ ਬਾਰੇ ਪਤਾ ਵੀ ਲੱਗ ਗਿਆ ਸੀ। ਅਜਿਹੇ 'ਚ ਉਹ ਕਿਸੇ ਵੀ ਤਰ੍ਹਾਂ ਦੋਵਾਂ ਨੂੰ ਇਕੱਠੇ ਹੋਣ ਨਹੀਂ ਦੇਣਾ ਚਾਹੁੰਦੇ ਸੀ। ਸ਼ੂਟਿੰਗ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਮਧੂਬਾਲਾ ਨੂੰ ਮੱਧ ਪ੍ਰਦੇਸ਼ ਜਾਣ ਤੋਂ ਰੋਕ ਦਿੱਤਾ ਸੀ। ਮਜਬੂਰੀ ਵਿੱਚ ਬੀ ਆਰ ਚੋਪੜਾ ਨੂੰ ਫਿਲਮ ਵਿੱਚ ਮਧੂਬਾਲਾ ਦੀ ਬਜਾਏ ਵੈਜਯੰਤੀਮਾਲਾ ਨੂੰ ਕਾਸਟ ਕਰਨਾ ਪਿਆ। ਚੋਪੜਾ ਬਹੁਤ ਹੀ ਅਨੁਸ਼ਾਨ ਪਸੰਦ ਵਿਅਕਤੀ ਸਨ। ਉਨ੍ਹਾਂ ਨੂੰ ਮਧੂਬਾਲਾ ਦਾ ਇੰਜ ਅੱਧ ਵਿਚਾਲੇ ਫਿਲਮ ਛੱਡਣਾ ਬਹੁਤ ਹੀ ਬੁਰਾ ਲੱਗਾ। ਇਸ ਤੋਂ ਬਾਅਦ ਚੋਪੜਾ ਨੇ ਗੁੱਸੇ 'ਚ ਮਧੂਬਾਲਾ ਤੇ ਉਨ੍ਹਾਂ ਦੇ ਪਿਤਾ 'ਤੇ ਕੇਸ ਦਰਜ ਕਰਵਾਇਆ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਅਦਾਲਤ ਤੱਕ ਪਹੁੰਚ ਗਿਆ। ਫਿਰ ਸਾਰਿਆਂ ਨੂੰ ਸੁਣਵਾਈ ਲਈ ਅਦਾਲਤ ਵਿੱਚ ਬੁਲਾਇਆ ਗਿਆ। ਇਸ ਦੌਰਾਨ ਜੱਜ ਵੱਲੋਂ ਪੁੱਛੇ ਜਾਣ 'ਤੇ ਦਲੀਪ ਕੁਮਾਰ ਨੇ ਸਾਰੀ ਸੱਚਾਈ ਦੱਸੀ। ਇਸ ਤੋਂ ਬਾਅਦ ਮਧੂਬਾਲਾ ਨੇ ਦੋਸ਼ ਲਾਇਆ ਕਿ ਦਲੀਪ ਕੁਮਾਰ ਨੇ ਬੀ ਆਰ ਚੋਪੜਾ ਦਾ ਸਾਥ ਦੇ ਕੇ ਉਸ ਨਾਲ ਧੋਖਾ ਕੀਤਾ ਹੈ। ਇਨ੍ਹਾਂ ਸਾਰੀਆਂ ਗੱਲਾਂ ਨੇ ਉਨ੍ਹਾਂ ਦੇ ਰਿਸ਼ਤੇ ਨੂੰ ਪ੍ਰਭਾਵਿਤ ਕੀਤਾ।