ਹਾਲੀਵੁੱਡ ਫਿਲਮ ਜਗਤ ਤੋਂ ਬੁਰੀ ਖਬਰ ਆ ਰਹੀ ਹੈ। ਪ੍ਰਸਿੱਧ ਅਦਾਕਾਰ ਜੌਨੀ ਵੈਕਟਰ ਦੀ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਜੌਨੀ ਵੈਕਟਰ ਮਸ਼ਹੂਰ ਅਮਰੀਕਨ ਟੀਵੀ ਸੀਰੀਅਲ 'ਜਨਰਲ ਹੌਸਪਿਟਲ' 'ਚ ਨਜ਼ਰ ਆਇਆ ਸੀ। ਇਸ ਸੀਰੀਅਲ ਰਾਹੀਂ ਉਸ ਨੇ ਪੂਰੀ ਦੁਨੀਆ 'ਚ ਪ੍ਰਸਿੱਧੀ ਹਾਸਲ ਕੀਤੀ ਸੀ। ਅਮਰੀਕਾ ਦੇ ਲਾਸ ਏਂਜਲਸ ਵਿੱਚ ਲੁੱਟ ਦੀ ਕੋਸ਼ਿਸ਼ ਦੌਰਾਨ ਜੌਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸ਼ਨੀਵਾਰ 25 ਮਈ ਨੂੰ ਅਦਾਕਾਰ ਨੂੰ ਚੋਰਾਂ ਨੇ ਗੋਲੀ ਮਾਰ ਦਿੱਤੀ ਸੀ। ਪੁਲਿਸ ਸੂਤਰਾਂ ਮੁਤਾਬਕ ਅਭਿਨੇਤਾ ਨੂੰ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਰਿਪੋਰਟਾਂ ਮੁਤਾਬਕ ਚੋਰੀ ਦੀ ਕੋਸ਼ਿਸ਼ ਦੌਰਾਨ ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ। ਅਭਿਨੇਤਾ ਦੀ ਮਾਂ ਨੇ ਕਿਹਾ ਕਿ ਜੌਨੀ ਵੈਕਟਰ 'ਤੇ ਸ਼ਨੀਵਾਰ ਨੂੰ ਸਵੇਰੇ 3 ਵਜੇ ਹਮਲਾ ਕੀਤਾ ਗਿਆ ਸੀ ਜਦੋਂ ਚੋਰਾਂ ਨੇ ਉਸਦੀ ਕਾਰ ਤੋਂ ਕੈਟੈਲੀਟਿਕ ਕਨਵਰਟਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਦੀ ਮਾਂ ਨੇ ਦੱਸਿਆ ਕਿ ਅਭਿਨੇਤਾ ਨੇ ਚੋਰਾਂ ਨਾਲ ਲੜਨ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਉਨ੍ਹਾਂ ਨੇ ਭੱਜਣ ਤੋਂ ਪਹਿਲਾਂ ਜੌਨੀ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਅਦਾਕਾਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।