ਆਈਪੀਐਲ ਦਾ ਆਗਾਜ਼ ਹੋ ਚੁੱਕਿਆ ਹੈ ਅਤੇ ਆਪਣੀ ਸ਼ੁਰੂਆਤ ਦੇ ਨਾਲ ਹੀ ਇਹ ਵਿਵਾਦਾਂ 'ਚ ਘਿਰ ਗਿਆ ਹੈ। ਦਰਅਸਲ, ਬੀਤੇ ਦਿਨ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਆਈਪੀਐਲ ਗਰਾਊਂਡ 'ਚ ਇੱਕ ਆਵਾਰਾ ਕੁੱਤਾ ਪਹੁੰਚ ਜਾਂਦਾ ਹੈ ਅਤੇ ਉੱਥੋਂ ਦਾ ਗਰਾਊਂਡ ਸਟਾਫ ਉਸ ਕੁੱਤੇ ਨੂੰ ਬੁਰੀ ਤਰ੍ਹਾਂ ਲੱਤਾਂ ਮਾਰਦਾ ਹੈ। ਇਸ ਵੀਡੀਓ 'ਤੇ ਪੂਰੇ ਦੇਸ਼ ਦੇ ਡੌਗ ਲਵਰਜ਼ ਤੇ ਐਨੀਮਲ ਐਕਟੀਵਿਸਟ ਭੜਕੇ ਹੋਏ ਹਨ ਅਤੇ ਇਨ੍ਹਾਂ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ। ਹੁਣ ਇਸ ਲੜੀ 'ਚ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਦਾ ਨਾਮ ਵੀ ਜੁੜ ਗਿਆ ਹੈ। ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਕੁੱਤੇ ਨਾਲ ਬਦਸਲੂਕੀ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸੋਨਮ ਇਸ ਘਟਨਾ 'ਤੇ ਕਾਫੀ ਗੁੱਸੇ 'ਚ ਨਜ਼ਰ ਆ ਰਹੀ ਹੈ। ਕਿਉਂਕਿ ਅਦਾਕਾਰਾ ਬਹੁਤ ਹੀ ਵੱਡੀ ਡੌਗ ਲਵਰ ਹੈ, ਇਸ ਕਰਕੇ ਉਸ ਦਾ ਇਸ ਘਟਨਾ 'ਤੇ ਗੁੱਸਾ ਹੋਣਾ ਸੁਭਾਵਕ ਹੈ। ਆਪਣੀ ਪੋਸਟ 'ਚ ਸੋਨਮ ਨੇ ਕਿਹਾ, 'ਅਜਿਹੇ ਲੋਕਾਂ 'ਤੇ ਲਾਹਨਤ ਹੈ, ਜੋ ਇੱਕ ਬੇਜ਼ੁਬਾਨ ਤੇ ਨਿਹੱਥੇ ਜਾਨਵਰ ਨਾਲ ਇਸ ਤਰ੍ਹਾਂ ਦਾ ਸਲੂਕ ਕਰ ਰਹੇ ਹਨ। ਕੁੱਤੇ ਨੂੰ ਇਸ ਤਰ੍ਹਾਂ ਲੱਤਾਂ ਮਾਰਨ ਦੀ ਕੋਈ ਲੋੜ ਨਹੀਂ ਸੀ।'