ਡੇਂਗੂ ਇੱਕ ਵਾਇਰਲ ਬਿਮਾਰੀ ਹੈ, ਜੋ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਇਹ ਬਿਮਾਰੀ ਆਮ ਤੌਰ 'ਤੇ ਸਹੀ ਦੇਖਭਾਲ ਨਾਲ ਆਸਾਨੀ ਨਾਲ ਠੀਕ ਹੋ ਜਾਂਦੀ ਹੈ ਪਰ ਕੁਝ ਮਾਮਲਿਆਂ ਵਿੱਚ ਇਹ ਗੰਭੀਰ ਰੂਪ ਲੈ ਸਕਦੀ ਹੈ, ਜਿਸ ਕਰਕੇ ਜਾਨ ਵੀ ਜਾ ਸਕਦੀ ਹੈ। ਡੇਂਗੂ ਵਾਇਰਸ ਦੀਆਂ ਚਾਰ ਵੱਖ-ਵੱਖ ਕਿਸਮਾਂ ਹਨ। ਇੱਕ ਵਾਰ ਸੰਕਰਮਿਤ ਹੋਣ ਤੋਂ ਬਾਅਦ, ਇੱਕ ਵਿਅਕਤੀ ਜੀਵਨ ਭਰ ਲਈ ਇੱਕ ਕਿਸਮ ਦੇ ਵਾਇਰਸ ਤੋਂ ਪ੍ਰਤੀਰੋਧਕ ਹੋ ਜਾਂਦਾ ਹੈ ਪਰ ਦੂਜੀ ਕਿਸਮ ਦੇ ਵਾਇਰਸ ਦੁਆਰਾ ਸੰਕਰਮਿਤ ਹੋ ਸਕਦਾ ਹੈ। ਵਾਰ-ਵਾਰ ਸੰਕਰਮਣ ਗੰਭੀਰ ਰੂਪਾਂ ਜਿਵੇਂ ਕਿ ਡੇਂਗੂ ਹੈਮੋਰੈਜਿਕ ਬੁਖਾਰ ਜਾਂ ਡੇਂਗੂ ਸਦਮਾ ਸਿੰਡਰੋਮ ਦੇ ਖਤਰੇ ਨੂੰ ਵਧਾ ਸਕਦਾ ਹੈ। ਡੇਂਗੂ ਦੇ ਲੱਛਣ ਆਮ ਤੌਰ 'ਤੇ ਬੁਖਾਰ ਸ਼ੁਰੂ ਹੋਣ ਤੋਂ 4-7 ਦਿਨਾਂ ਬਾਅਦ ਦਿਖਾਈ ਦਿੰਦੇ ਹਨ, ਇਨ੍ਹਾਂ ਵਿੱਚ ਸ਼ਾਮਲ ਹਨ ਅਚਾਨਕ ਤੇਜ਼ ਬੁਖਾਰ, ਪਲੇਟਲੇਟ ਲਗਾਤਾਰ ਘੱਟ ਹੋਣਾ, leukocytes ਦਾ ਵਾਧਾ ਸਿਰ ਦਰਦ,ਅੱਖਾਂ ਦੇ ਪਿੱਛੇ ਦਰਦ, ਮਾਸਪੇਸ਼ੀ ਤੇ ਜੋੜਾਂ ਦਾ ਦਰਦ, ਥਕਾਵਟ, ਉਲਟੀਆਂ ਤੇ ਤਰੇਲੀਆਂ, ਚਮੜੀ ਤੇ ਧੱਫੜ ਵਰਗੇ ਲੱਛਣ ਨਜ਼ਰ ਆਉਂਦੇ ਹਨ। ਗੰਭੀਰ ਲੱਛਣਾਂ ਵਿੱਚ ਖੂਨ ਵਗਣਾ, ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਫਲੂਡ ਇਕੱਠਾ ਹੋਣਾ ਤੇ ਬਲੱਡ ਪ੍ਰੈਸ਼ਰ ਦਾ ਕਾਫ਼ੀ ਘੱਟ ਹੋਣਾ ਸ਼ਾਮਲ ਹੈ। ਮੱਛਰਾਂ ਤੋਂ ਬਚਾਅ ਲਈ ਮੱਛਰਦਾਨੀ ਦੀ ਵਰਤੋਂ ਕਰੋ, ਲੰਬੇ ਕੱਪੜੇ ਪਾਓ ਤੇ ਘਰ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ। ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖੋ ਤੇ ਡਸਟਬਿਨਾਂ ਨੂੰ ਢੱਕ ਕੇ ਰੱਖੋ। ਜੇ ਤੁਸੀਂ ਡੇਂਗੂ ਦੇ ਲੱਛਣ ਦੇਖਦੇ ਹੋ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਡਾਕਟਰ ਦੱਸਦੇ ਹਨ ਕਿ ਜੇਕਰ ਡੇਂਗੂ ਬੁਖ਼ਾਰ ਦਾ ਸਹੀ ਢੰਗ ਨਾਲ ਪ੍ਰਬੰਧ ਨਾ ਕੀਤਾ ਜਾਵੇ ਤਾਂ ਕਈ ਦਿੱਕਤਾਂ ਪੈਦਾ ਹੋ ਸਕਦੀਆਂ ਹਨ, ਜਿਸ ਕਾਰਨ ਮੌਤ ਦਾ ਖਤਰਾ ਵੱਧ ਜਾਂਦਾ ਹੈ |