ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਬਾਰੇ ਅੱਜ ਰਿਵਿਊ ਕੀਤਾ ਜਾਏਗਾ। ਇਸ ਮਗਰੋਂ ਅਗਲਾ ਫੈਸਲਾ ਲਿਆ ਜਾਏਗਾ। ਉਂਝ ਮੌਸਮ ਵਿਭਾਗ ਵੱਲੋਂ ਦੋ ਦਿਨ ਮੌਸਮ ਖ਼ਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਹੋਈ ਹੈ। ਇਸ ਲਈ ਉੱਤਰਾਖੰਡ ਸਰਕਾਰ ਨੇ ਵੀ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਤਹਿਤ ਪ੍ਰਸਾਸ਼ਨ ਵੱਲੋਂ ਵੀ ਦੋ ਦਿਨਾਂ ਵਾਸਤੇ ਸ਼ਰਧਾਲੂਆਂ ਨੂੰ ਯਾਤਰਾ ’ਤੇ ਨਾ ਜਾਣ ਵਾਸਤੇ ਆਖਿਆ ਗਿਆ ਹੈ। ਇਸ ਨੂੰ ਧਿਆਨ ਵਿਚ ਰੱਖਦਿਆਂ ਗੁਰਦੁਆਰਾ ਟਰੱਸਟ ਨੇ ਦੋ ਦਿਨਾਂ ਵਾਸਤੇ ਯਾਤਰਾ ਨੂੰ ਰੋਕ ਦਿੱਤਾ ਹੈ ਪਰ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਅੱਜ ਸਥਿਤੀ ਨੂੰ ਮੁੜ ਦੇਖਿਆ ਜਾਵੇਗਾ। ਉਸ ਮੁਤਾਬਕ ਹੀ ਅਗਲਾ ਫ਼ੈਸਲਾ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਜੇਕਰ ਬਰਫਬਾਰੀ ਨਾ ਹੋਈ ਤੇ ਮੌਸਮ ਠੀਕ ਰਿਹਾ ਤਾਂ ਯਾਤਰਾ ਸ਼ੁਰੂ ਕਰ ਦਿੱਤੀ ਜਾਵੇਗੀ। ਉੱਤਰਾਖੰਡ ਵਿੱਚ ਲਗਪਗ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਭਾਰੀ ਬਰਫ਼ਬਾਰੀ ਹੋਣ ਕਾਰਨ ਯਾਤਰੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਦੋ ਦਿਨ ਵਾਸਤੇ ਯਾਤਰਾ ਰੋਕ ਦਿੱਤੀ ਗਈ। ਹਾਸਲ ਵੇਰਵਿਆਂ ਮੁਤਾਬਕ ਸ਼ਰਧਾਲੂਆਂ ਦਾ ਜਥਾ ਵੀਰਵਾਰ ਨੂੰ ਸਵੇਰੇ ਗੁਰਦੁਆਰਾ ਗੋਬਿੰਦ ਧਾਮ ਤੋਂ ਲਗਭਗ ਛੇ ਕਿਲੋਮੀਟਰ ਦੂਰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਇਆ ਸੀ ਪਰ ਅਟਲਾਕੋਟੀ ਗਲੇਸ਼ੀਅਰ ਦੇ ਕੋਲ ਭਾਰੀ ਬਰਫਬਾਰੀ ਹੋਣ ਕਾਰਨ ਰਾਹ ਵਿੱਚ ਬਰਫ ਜੰਮੀ ਹੋਈ ਸੀ, ਜਿਸ ਕਾਰਨ ਯਾਤਰੂ ਗਲੇਸ਼ੀਅਰ ਤੋਂ ਵਾਪਸ ਗੁਰਦੁਆਰਾ ਗੋਬਿੰਦ ਧਾਮ ਪਰਤ ਆਏ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬੀਤੀ ਰਾਤ ਸ੍ਰੀ ਹੇਮਕੁੰਟ ਸਾਹਿਬ ਵਿਖੇ ਭਾਰੀ ਬਰਫਬਾਰੀ ਹੋਈ ਹੈ, ਜਿਸ ਕਾਰਨ ਗੁਰਦੁਆਰਾ ਗੋਬਿੰਦ ਧਾਮ ਤੋਂ ਉਪਰ ਅਟਲਾਕੋਟੀ ਗਲੇਸ਼ੀਅਰ ਦੇ ਕੋਲ ਰਸਤੇ ਪ੍ਰਭਾਵਿਤ ਹੋਏ ਹਨ। ਦੱਸ ਦੇਈਏ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਹਾਲ ਹੀ ਵਿਚ 20 ਮਈ ਨੂੰ ਸਾਲਾਨਾ ਯਾਤਰਾ ਲਈ ਖੋਲ੍ਹੇ ਗਏ ਸਨ। ਇਸ ਸਾਲ ਸ੍ਰੀ ਹੇਮਕੁੰਟ ਸਾਹਿਬ ਵਿਖੇ ਮਈ ਮਹੀਨੇ ਵਿਚ ਵੀ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। ਸਾਲਾਨਾ ਯਾਤਰਾ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਹੀ ਇਥੇ ਤਾਜ਼ਾ ਬਰਫਬਾਰੀ ਹੋਈ ਸੀ।