ਪੰਜਾਬ ਦੀ ਮਿੱਸੀ ਰੋਟੀ ਦੇਸ਼ ਦੇ ਨਾਲ-ਨਾਲ ਵਿਦੇਸ਼ ਵਿੱਚ ਵੀ ਕਾਫੀ ਮਸ਼ਹੂਰ ਹੈ। ਲੋਕ ਇਸ ਰੋਟੀ ਨੂੰ ਬਹੁਤ ਹੀ ਚਾਅ ਦੇ ਨਾਲ ਖਾਂਦੇ ਹਨ। ਆਓ ਅੱਜ ਤੁਹਾਨੂੰ ਦੱਸਦੇ ਹਾਂ ਮਿੱਸੀ ਰੋਟੀ ਬਾਰੇ ਜਿਸ ਨੂੰ ਤੁਸੀਂ ਬਹੁਤ ਹੀ ਆਰਾਮ ਦੇ ਨਾਲ ਘਰ ਦੇ ਵਿੱਚ ਹੀ ਤਿਆਰ ਕਰ ਸਕਦੇ ਹੋ। ਰਵਾਇਤੀ ਤੌਰ 'ਤੇ ਮਿੱਸੀ ਰੋਟੀ ਤੰਦੂਰ ਵਿੱਚ ਬਣਾਈ ਜਾਂਦੀ ਹੈ। ਪਰ ਇਸ ਰੈਸਿਪੀ ਦੀ ਮਦਦ ਨਾਲ ਤੁਸੀਂ ਘਰ ਵਿੱਚ ਪਰਫੈਕਟ, ਕਰਿਸਪੀ ਅਤੇ ਸਵਾਦਿਸ਼ਟ ਮਿੱਸੀ ਰੋਟੀ ਬਣਾ ਸਕੋਗੇ। ਮਿੱਸੀ ਰੋਟੀ ਛੋਲੇ ਅਤੇ ਕਣਕ ਦੇ ਆਟੇ ਦੇ ਸੁਮੇਲ ਨਾਲ ਤਿਆਰ ਕੀਤੀ ਜਾਂਦੀ ਹੈ, ਜਿਸ ਵਿੱਚ ਕੁੱਝ ਮਸਾਲੇ ਵੀ ਪਾਏ ਜਾਂਦੇ ਹਨ ਜੋ ਇਸਦਾ ਸੁਆਦ ਵਧਾਉਂਦੇ ਹਨ। ਮਿੱਸੀ ਰੋਟੀ ਦਾ ਆਟਾ ਬਣਾਉਂਦੇ ਸਮੇਂ, ਤੁਹਾਨੂੰ ਹਮੇਸ਼ਾ ਕਣਕ ਦਾ ਆਟਾ ਛੋਲਿਆਂ ਦੇ ਆਟੇ ਤੋਂ ਥੋੜ੍ਹਾ ਘੱਟ ਲੈਣਾ ਚਾਹੀਦਾ ਹੈ। ਜੇਕਰ ਛੋਲਿਆਂ ਦਾ ਆਟਾ ਹੱਥਾਂ 'ਤੇ ਚਿਪਕ ਜਾਵੇ ਤਾਂ ਆਟੇ 'ਚ ਤੇਲ ਜਾਂ ਘਿਓ ਮਿਲਾ ਲਓ। ਘਰ 'ਚ ਤੰਦੂਰੀ ਮਿੱਸੀ ਰੋਟੀ ਬਣਾਉਣ ਲਈ ਹਮੇਸ਼ਾ ਲੋਹੇ ਦੇ ਤਵੇ ਦੀ ਵਰਤੋਂ ਕਰੋ। ਸਭ ਤੋਂ ਪਹਿਲਾਂ ਇਕ ਭਾਂਡੇ 'ਚ ਡੇਢ ਕੱਪ ਛੋਲਿਆਂ ਦਾ ਆਟਾ ਅਤੇ ਕੱਪ ਛੋਲਿਆਂ ਦਾ ਆਟਾ ਲਓ। ਹੁਣ ਇਸ 'ਚ ਪੀਸੀ ਹੋਈ ਲਾਲ ਮਿਰਚ, ਹਲਦੀ, ਥੋੜ੍ਹਾ ਜਿਹਾ ਪੀਸਿਆ ਹੋਇਆ ਧਨੀਆ, ਹੀਂਗ, ਸਵਾਦ ਅਨੁਸਾਰ ਨਮਕ, ਬਾਰੀਕ ਕੱਟੀ ਹੋਈ ਹਰੀ ਮਿਰਚ, ਪਿਆਜ਼, ਹਰਾ ਧਨੀਆ, ਕਸੂਰੀ ਮੇਥੀ ਅਤੇ 2 ਚਮਚ ਤੇਲ ਪਾ ਕੇ ਸਭ ਕੁਝ ਚੰਗੀ ਤਰ੍ਹਾਂ ਨਾਲ ਮਿਲਾਓ। ਪਾਣੀ ਦੀ ਮਦਦ ਨਾਲ ਨਰਮ ਆਟਾ ਗੁੰਨ੍ਹੋ। ਆਟੇ ਨੂੰ ਢੱਕ ਕੇ 5 ਤੋਂ 10 ਮਿੰਟ ਲਈ ਇਕ ਪਾਸੇ ਰੱਖ ਦਿਓ। ਇੰਨੇ ਨੂੰ ਤਵੇ ਨੂੰ ਗੈਸ ਉੱਤੇ ਪ੍ਰੀਹੀਟ ਹੋਣ ਲਈ ਰੱਖ ਦਿਓ। ਹੁਣ ਆਟੇ ਦੇ ਗੋਲੇ ਬਣਾ ਲਓ ਅਤੇ ਇੱਕ-ਇੱਕ ਰੋਟੀ ਵੇਲ ਲਓ। ਰੋਟੀ ਦੇ ਇੱਕ ਪਾਸੇ ਪਾਣੀ ਲਗਾਓ ਅਤੇ ਉਸੇ ਪਾਸੇ ਨੂੰ ਤਵੇ ਉੱਤੇ ਲਗਾ ਦਿਓ, ਇਸ ਤਰ੍ਹਾਂ ਮਿੱਸੀ ਰੋਟੀ ਤਵੇ ਦੇ ਨਾਲ ਚਿਪਕ ਜਾਵੇਗੀ। ਜਦੋਂ ਰੋਟੀ ਥੋੜੀ ਫੁੱਲੀ ਦਿਖਾਈ ਦੇਣ ਲੱਗੇ, ਤਾਂ ਤਵੇ ਨੂੰ ਫੜੋ ਅਤੇ ਰੋਟੀ ਨੂੰ ਸਿੱਧੀ ਅੱਗ 'ਤੇ ਸੇਕ ਲਓ। ਜਦੋਂ ਰੋਟੀ ਪੱਕ ਜਾਂਦੀ ਹੈ, ਤਾਂ ਇਸ ਨੂੰ ਚਾਕੂ ਜਾਂ ਪਲਟੇ ਦੀ ਮਦਦ ਨਾਲ ਤਵੇ ਤੋਂ ਉਤਾਰ ਲਓ। ਇਸ 'ਤੇ ਮੱਖਣ ਲਗਾਓ ਅਤੇ ਕਿਸੇ ਵੀ ਸਬਜ਼ੀ ਦੇ ਨਾਲ ਸਰਵ ਕਰ ਸਕਦੇ ਹੋ।