ਬਾਲੀਵੁੱਡ ਦੇ ਮਿਸਟਰ ਪਰਫ਼ੈਕਸ਼ਨਿਸਟ ਆਮਿਰ ਖਾਨ ਮੁੜ ਤੋਂ ਵਿਵਾਦਾਂ ਦੇ ਘੇਰੇ `ਚ ਹਨ। ਪਹਿਲਾਂ ਲਾਲ ਸਿੰਘ ਚੱਢਾ ਵਿਵਾਦ ਨੇ ਆਮਿਰ ਖਾਨ ਨੂੰ ਪਰੇਸ਼ਾਨੀ ਦਿੱਤੀ।
ਹੁਣ ਹਾਲ ਹੀ `ਚ ਕਿਆਰਾ ਅਡਵਾਨੀ ਨਾਲ ਐਡ ਫ਼ਿਲਮ `ਚ ਕੰਮ ਕਰਨ ਨੂੰ ਲੈਕੇ ਆਮਿਰ ਨੇ ਨਵਾਂ ਵਿਵਾਦ ਛੇੜ ਲਿਆ ਹੈ।
ਦਰਅਸਲ ਏਯੂ ਸਮਾਲ ਫ਼ਾਈਨਾਂਸ ਬੈਂਕ ਵੱਲੋਂ ਬਾਲੀਵੁੱਡ ਅਦਾਕਾਰ ਆਮਿਰ ਖਾਨ ਤੇ ਕਿਆਰਾ ਅਡਵਾਨੀ ਨੂੰ ਲੈਕੇ ਇਸ਼ਤਿਹਾਰ ਬਣਾਉਣਾ ਮਹਿੰਗਾ ਪੈ ਰਿਹਾ ਹੈ।
50 ਸਕਿੰਟਾਂ ਦੀ ਇਸ ਐਡ ਫ਼ਿਲਮ ਨੇ ਸੋਸ਼ਲ ਮੀਡੀਆ ਤੇ ਬੁਰੀ ਤਰ੍ਹਾਂ ਹੰਗਾਮਾ ਮਚਾ ਦਿੱਤਾ ਹੈ। ਸੋਸ਼ਲ ਮੀਡੀਆ ਤੇ ਆਮਿਰ ਖਾਨ ਨੂੰ ਬੁਰੀ ਤਰ੍ਹਾਂ ਟਰੋਲ ਕੀਤਾ ਜਾ ਰਿਹਾ ਹੈ
ਇਹੀ ਨਹੀਂ ਉਨ੍ਹਾਂ `ਤੇ ਹਿੰਦੂ ਧਰਮ ਨਾਲ ਛੇੜਛਾੜ ਤੇ ਧਾਰਮਿਕ ਭਾਵਨਾਵਾਂ ਨੂੰ ਸੱਟ ਪਹੁੰਚਾਉਣ ਦੇ ਇਲਜ਼ਾਮ ਲੱਗ ਰਹੇ ਹਨ।
ਹਾਲ ਹੀ ’ਚ ਆਮਿਰ ਖ਼ਾਨ ਤੇ ਕਿਆਰਾ ਅਡਵਾਨੀ ਦੀ ਇਕ ਵੀਡੀਓ ਸਾਹਮਣੇ ਆਈ, ਜਿਸ ’ਚ ਦੋਵੇਂ ਲਾੜਾ-ਲਾੜੀ ਬਣੇ ਨਜ਼ਰ ਆ ਰਹੇ ਹਨ।
ਕਿਆਰਾ ਦੀ ਬਜਾਏ ਆਮਿਰ ਦੀ ਵਿਦਾਈ ਹੋ ਰਹੀ ਹੈ। ਉਹ ਆਪਣੇ ਸਹੁਰੇ ਘਰ ਰਹਿਣ ਜਾਂਦੇ ਹਨ। ਉਹ ਗ੍ਰਹਿ ਪ੍ਰਵੇਸ਼ ਦੀ ਰਸਮ ਵੀ ਨਿਭਾਉਂਦੇ ਹਨ। ਅਜਿਹਾ ਕਿਉਂ? ਅਜਿਹਾ ਕਿਆਰਾ ਦੇ ਬੀਮਾਰ ਪਿਤਾ ਕਾਰਨ ਹੈ।
ਇਸ ਐਡ ’ਚ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਜਿਸ ਤਰ੍ਹਾਂ ਲੜਕੀ ਆਪਣਾ ਘਰ ਛੱਡ ਕੇ ਵਿਆਹ ਕਰਕੇ ਸਹੁਰੇ ਘਰ ਚਲੀ ਜਾਂਦੀ ਹੈ, ਠੀਕ ਉਸੇ ਤਰ੍ਹਾਂ ਲੜਕਾ ਵੀ ਵਿਆਹ ਤੋਂ ਬਾਅਦ ਆਪਣੀ ਪਤਨੀ ਦੇ ਘਰ ਰਹਿ ਸਕਦਾ ਹੈ।
ਵੀਡੀਓ ਦੇ ਅਖੀਰ ’ਚ ਆਮਿਰ ਕਹਿੰਦੇ ਹਨ, ‘‘ਸਦੀਆਂ ਤੋਂ ਚੱਲੀ ਆ ਰਹੀ ਪ੍ਰੰਪਰਾ ਕਿਉਂ ਚੱਲਦੀ ਰਹੇ? ਇਸ ਲਈ ਅਸੀਂ ਬੈਂਕਿੰਗ ਪ੍ਰੰਪਰਾ ’ਤੇ ਸਵਾਲ ਚੁੱਕਦੇ ਹਾਂ।’’
ਹਾਲਾਂਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਦਾ ਗੁੱਸਾ ਭੜਕ ਗਿਆ ਹੈ। ਇਸ ਨੂੰ ਹਿੰਦੂ ਪ੍ਰੰਪਰਾ ਵਿਰੋਧੀ ਤੇ ਸਮਾਜਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਐਡ ਦੱਸਿਆ ਜਾ ਰਿਹਾ ਹੈ