ਪੰਜਾਬ 'ਚ ਇੰਨੀਂ ਦਿਨੀਂ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਪੁਲਿਸ ਪੱਬਾਂ ਭਾਰ ਹੋ ਗਈ ਹੈ।



ਪੂਰੇ ਪੰਜਾਬ 'ਚ ਇਸ ਸਮੇਂ ਇੰਟਰਨੈੱਟ ਸੇਵਾਵਾਂ ਵੀ ਬੰਦ ਹਨ। ਇਸ ਸਭ ਦਾ ਅਸਰ ਪੰਜਾਬੀ ਇੰਡਸਟਰੀ 'ਤੇ ਵੀ ਪੈਂਦਾ ਨਜ਼ਰ ਆ ਰਿਹਾ ਹੈ।



ਪੰਜਾਬ ਦੇ ਖਰਾਬ ਮਾਹੌਲ ਨੂੰ ਦੇਖਦਿਆਂ ਹੁਣ ਨੀਰੂ ਬਾਜਵਾ ਤੇ ਕੁਲਵਿੰਦਰ ਬਿੱਲਾ ਨੇ ਆਪਣੀ ਆਉਣ ਵਾਲੀ ਫਿਲਮ 'ਇਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ' ਦੀ ਰਿਲੀਜ਼ ਡੇਟ ਨੂੰ ਮੁਲਤਵੀ ਕਰ ਦਿੱਤਾ ਹੈ।



ਇਸ ਬਾਰੇ ਨੀਰੂ ਬਾਜਵਾ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਕੁਲਵਿੰਦਰ ਬਿੱਲਾ ਵੀ ਨਜ਼ਰ ਆ ਰਿਹਾ ਹੈ।



ਵੀਡੀਓ ਸ਼ੇਅਰ ਕਰਦਿਆਂ ਨੀਰੂ ਬਾਜਵਾ ਨੇ ਕਿਹਾ ਕਿ 'ਪੰਜਾਬੀਓ ਅਪਣੀ ਫਿਲਮ ਚੱਲ ਜਿੰਦੀਏ 24 ਮਾਰਚ ਨੂੰ ਰਿਲੀਜ਼ ਨਹੀਂ ਹੋ ਰਹੀ।



ਜਲਦੀ ਆਪਾ ਨਵੀਂ ਤਰੀਕ ਸਾਂਝੀ ਕਰਾਂਗੇ।ਪੰਜਾਬ ਦੀ ਸੁੱਖ ਸ਼ਾਂਤੀ ਦੀ ਆਪਾ ਸਾਰੇ ਅਰਦਾਸ ਕਰਦੇ ਹਾਂ,ਗੁਰੂ ਮਹਾਰਾਜ ਅੰਗ ਸੰਗ ਸਹਾਈ ਹੋਣਗੇ।🙏



ਕਾਬਿਲੇਗ਼ੌਰ ਹੈ ਕਿ 'ਚੱਲ ਜਿੰਦੀਏ' ਫਿਲਮ 24 ਮਾਰਚ ਨੂੰ ਰਿਲੀਜ਼ ਹੋਣ ਵਾਲੀ ਸੀ। ਇਸ ਫਿਲਮ ਦੀ ਕਹਾਣੀ ਵਿਦੇਸ਼ ਜਾ ਕੇ ਵੱਸੇ ਪੰਜਾਬੀ ਦੇ ਆਲੇ ਦੁਆਲੇ ਘੁੰਮਦੀ ਹੈ।



ਇੱਕ ਮਜਬੂਰ ਮਾਂ, ਬੇਵੱਸ ਪਿਤਾ ਤੇ ਉਨ੍ਹਾਂ ਨੌਜਵਾਨਾਂ ਦੀ ਕਹਾਣੀ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਦਿਖਾਇਆ ਗਿਆ ਹੈ,



ਜੋ ਆਪਣੇ ਬੇਹਤਰ ਭਵਿੱਖ ਦੀ ਤਲਾਸ਼ 'ਚ ਆਪੋ ਆਪਣੇ ਘਰਾਂ ਨੂੰ ਛੱਡ ਕੇ ਵਿਦੇਸ਼ਾਂ 'ਚ ਜਾਂਦੇ ਹਨ ਅਤੇ ਉਨ੍ਹਾਂ ਨੂੰ ਉੱਥੇ ਕਿਵੇਂ ਸੰਘਰਸ਼ ਕਰਨਾ ਪੈਂਦਾ ਹੈ।



ਦੱਸ ਦਈਏ ਕਿ ਫਿਲਮ ਦੀ ਕਹਾਣੀ ਅਸਲ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਇਹ ਫਿਲਮ ਨੀਰੂ ਬਾਜਵਾ ਤੇ ਘੈਂਟ ਬੁਆਏਜ਼ ਫਿਲਮਜ਼ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਹੀ ਹੈ।