ਭਾਰਤ ਅਤੇ ਸਪੇਨ ਵਿਚਾਲੇ ਕਾਂਸੀ ਤਮਗਾ ਮੈਚ ਕਾਫੀ ਰੋਮਾਂਚਕ ਹੋ ਗਿਆ ਹੈ। ਟੀਮ ਇੰਡੀਆ ਨੇ ਤਿੰਨ ਕੁਆਰਟਰਾਂ ਤੋਂ ਬਾਅਦ 2-1 ਦੀ ਬੜ੍ਹਤ ਬਣਾਈ ਰੱਖੀ ਹੈ। ਭਾਰਤ ਨੇ ਹਾਕੀ 'ਚ ਕਾਂਸੀ ਦਾ ਤਗਮਾ ਜਿੱਤ ਲਿਆ ਹੈ।



ਜਿਸ ਤੋਂ ਬਾਅਦ ਦੇਸ਼ ਦੇ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਹੈ। ਸੋਸ਼ਲ ਮੀਡੀਆ ਉੱਤੇ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ।



ਭਾਰਤੀ ਹਾਕੀ ਟੀਮ ਨੇ ਟੋਕੀਓ ਓਲੰਪਿਕ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਕੁੱਲ ਮਿਲਾ ਕੇ ਓਲੰਪਿਕ 'ਚ ਭਾਰਤ ਦਾ ਇਹ 13ਵਾਂ ਤਮਗਾ ਹੈ। ਇਨ੍ਹਾਂ ਵਿੱਚੋਂ 8 ਤਗਮੇ ਸਿਰਫ਼ ਸੋਨੇ ਦੇ ਹਨ।



ਟੀਮ ਇੰਡੀਆ ਦੀ ਇਹ ਜਿੱਤ ਇਤਿਹਾਸਕ ਸੀ। ਭਾਰਤ ਨੇ 52 ਸਾਲਾਂ ਬਾਅਦ ਓਲੰਪਿਕ ਵਿੱਚ ਲਗਾਤਾਰ ਦੂਜੀ ਵਾਰ ਕਾਂਸੀ ਤਮਗਾ ਜਿੱਤਿਆ ਹੈ।



ਟੀਮ ਇੰਡੀਆ ਨੇ 1968 ਅਤੇ 1972 'ਚ ਤਗਮੇ ਜਿੱਤੇ ਸਨ। ਇਸ ਤੋਂ ਬਾਅਦ ਭਾਰਤ ਨੇ 2020 ਵਿੱਚ ਕਾਂਸੀ ਤਮਗਾ ਜਿੱਤਿਆ ਅਤੇ ਪੈਰਿਸ ਓਲੰਪਿਕ ਵਿੱਚ ਵੀ ਇਸੇ ਨੂੰ ਦੁਹਰਾਇਆ। ਗੋਲਕੀਪਰ ਪੀ ਸ਼੍ਰੀਜੇਸ਼ ਨੇ ਵੀ ਭਾਰਤ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।



ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੈਰਿਸ ਓਲੰਪਿਕਸ ਵਿੱਚ ਕਾਂਸੀ ਦਾ ਤਮਗ਼ਾ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ।



CM ਮਾਨ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਨੇ ਕਾਂਸੀ ਦੇ ਤਮਗੇ ਲਈ ਹੋਏ ਮੈਚ ਦੌਰਾਨ ਵਧੀਆ ਖੇਡ ਦਾ ਪ੍ਰਦਰਸ਼ਨ ਕਰਕੇ ਅਤੇ ਸਪੇਨ ਨੂੰ 2-1 ਨਾਲ ਹਰਾ ਕੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।



ਹਾਕੀ ਟੀਮ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਤੇ ਵਾਈਸ ਕਪਤਾਨ ਸਮੇਤ 10 ਖਿਡਾਰੀ ਪੰਜਾਬ ਦੇ ਹਨ, ਜਿਨ੍ਹਾਂ ਨੇ ਉਲੰਪਿਕ ਖੇਡਾਂ ਵਿੱਚ ਸ਼ਾਨਦਾਰ ਹਾਕੀ ਖੇਡੀ।



ਹਰਮਨਪ੍ਰੀਤ ਸਿੰਘ ਨੇ 10 ਗੋਲ ਕੀਤੇ। ਇਨ੍ਹਾਂ ਖਿਡਾਰੀਆਂ ਨੂੰ ਸੂਬਾ ਸਰਕਾਰ ਦੀ ਨੀਤੀ ਮੁਤਾਬਕ ਇਕ-ਇਕ ਕਰੋੜ ਰੁਪਏ ਦੇ ਨਗਦ ਇਨਾਮਾਂ ਨਾਲ ਨਿਵਾਜਿਆ ਜਾਵੇਗਾ।



ਮੁੱਖ ਮੰਤਰੀ ਨੇ ਦੁਹਰਾਇਆ ਕਿ ਇਹ ਇਤਿਹਾਸਕ ਜਿੱਤ ਦੇਸ਼ ਵਿੱਚ ਕੌਮੀ ਖੇਡ ਦੀ ਪੁਰਾਣੀ ਸ਼ਾਨ ਬਹਾਲੀ ਲਈ ਰਾਹ ਪੱਧਰਾ ਕਰੇਗੀ।