Punjabi Singer Babbu Maan: ਪੰਜਾਬੀ ਗਾਇਕ ਬੱਬੂ ਮਾਨ ਆਪਣੀ ਗਾਇਕੀ ਦੇ ਚਲਦਿਆਂ ਪਿਛਲੇ 3 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰਦੇ ਆ ਰਹੇ ਹਨ।



ਉਹ ਆਪਣੇ ਗੀਤਾਂ ਰਾਹੀਂ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਬੈਠੇ ਪੰਜਾਬੀਆਂ ਦਾ ਵੀ ਲਗਾਤਾਰ ਮਨੋਰੰਜਨ ਕਰਦੇ ਨਜ਼ਰ ਆਉਂਦੇ ਹਨ। ਕਲਾਕਾਰ ਨੂੰ ਇਸ ਮੁਕਾਮ ਉੱਪਰ ਪੁੱਜਣ ਲਈ ਸਖਤ ਸੰਘਰਸ਼ ਕਰਨਾ ਪਿਆ ਹੈ,



ਅਤੇ ਅੱਜ ਉਹ ਹਰ ਕਿਸੇ ਦੇ ਦਿਲ ਵਿੱਚ ਵੱਖਰੀ ਥਾਂ ਬਣਾ ਚੁੱਕੇ ਹਨ। ਪਰ ਅੱਜ ਇਸ ਖਬਰ ਰਾਹੀਂ ਅਸੀ ਤੁਹਾਨੂੰ ਦੱਸਾਂਗੇ ਆਖਿਰ ਇਸ ਮੁਕਾਮ ਨੂੰ ਹਾਸਿਲ ਕਰਨ ਲਈ ਬੱਬੂ ਮਾਨ ਨੂੰ ਕਿਸ-ਕਿਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।



ਦਰਅਸਲ, ਬੱਬੂ ਮਾਨ ਨੂੰ ਇਸ ਖੇਤਰ ‘ਚ ਆਉਣ ਦੇ ਲਈ ਘਰਦਿਆਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ। ਇਸ ਖੁਲਾਸਾ ਖੁਦ ਪੰਜਾਬੀ ਕਲਾਕਾਰ ਵੱਲੋਂ ਆਪਣੇ ਇੱਕ ਇੰਟਰਵਿਊ ਵਿੱਚ ਕੀਤਾ ਗਿਆ ਹੈ।



ਬੱਬੂ ਮਾਨ ਨੇ ਕਿਹਾ ਸੀ ਕਿ ਉਨ੍ਹਾਂ ਦੇ ਮਾਤਾ ਜੀ ਚਾਹੁੰਦੇ ਸਨ ਕਿ ਬੱਬੂ ਮਾਨ ਕੋਈ ਅਫਸਰ ਬਣਨ ਜਦੋਂਕਿ ਪਿਤਾ ਜੀ ਚਾਹੁੰਦੇ ਸਨ ਕਿ ਉਹ ਆਪਣਾ ਟਰਾਂਸਪੋਰਟ ਦਾ ਕੰਮ ਕਰਨ।



ਪਰ ਬੱਬੂ ਮਾਨ ਨੇ ਘਰਦਿਆਂ ਦੀ ਮਰਜ਼ੀ ਦੇ ਵਿਰੁੱਧ ਜਾ ਗਾਇਕੀ ਦੇ ਖੇਤਰ ਵਿੱਚ ਕਦਮ ਰੱਖਿਆ। ਇਸੇ ਖੇਤਰ ਵਿੱਚ ਆਪਣਾ ਕਰੀਅਰ ਬਣਾਉਣ ਦੇ ਚਾਹਵਾਨ ਬੱਬੂ ਮਾਨ ਨੇ ਆਪਣੀ ਜ਼ਿੱਦ ਨੂੰ ਪੂਰਾ ਕੀਤਾ।



ਦੱਸ ਦੇਈਏ ਕਿ ਉਸ ਦੌਰਾਨ ਬੱਬੂ ਮਾਨ ਦੇ ਇੱਕ ਮਾਮਾ ਜੀ ਉਨ੍ਹਾਂ ਨੂੰ ਸਪੋਟ ਕਰਦੇ ਸਨ ਅਤੇ ਮਾਮਾ ਜੀ ਦੇ ਦਿੱਤੇ ਪੈਸਿਆਂ ਦੇ ਨਾਲ ਹੀ ਉਹ ਗਾਇਕੀ ‘ਚ ਇਸਤੇਮਾਲ ਕੀਤੇ ਜਾਣ ਵਾਲੇ ਸਾਜ਼ੋ ਸਮਾਨ ਖਰੀਦਦੇ ਸਨ।



ਜਿਸ ਤੋਂ ਬਾਅਦ ਉਨ੍ਹਾਂ ਗਾਇਕੀ ਦੇ ਖੇਤਰ ਵਿੱਚ ਆਪਣੇ ਕਦਮ ਜਮਾਉਣ ਲਈ ਜੀ-ਤੋੜ ਮਿਹਨਤ ਕੀਤੀ। ਇਸ ਦੌਰਾਨ ਗਾਇਕ ਬੱਬੂ ਮਾਨ ਨੂੰ ਆਪਣੇ ਪਿਤਾ ਦੀ ਨਫਰਤ ਦਾ ਸਾਹਮਣਾ ਕਰਨਾ ਪਿਆ।



ਅਕਸਰ ਉਨ੍ਹਾਂ ਦੇ ਪਿਤਾ ਜੀ ਉਨ੍ਹਾਂ ਦੇ ਨਾਲ ਨਰਾਜ਼ ਰਹਿੰਦੇ ਸਨ, ਜਦੋਂ ਵੀ ਉਹ ਉਨ੍ਹਾਂ ਦੇ ਸਾਜ਼ ਦੇਖਦੇ ਤਾਂ ਭੜਕ ਜਾਂਦੇ ਸੀ। ਇਸ ਤੋਂ ਇਲਾਵਾ ਜਦੋਂ ਕਦੀਂ ਬੱਬੂ ਮਾਨ ਦਾ ਗਾਇਕੀ ‘ਚ ਰੂਚੀ ਰੱਖਣ ਵਾਲਾ ਦੋਸਤ



ਉਨ੍ਹਾਂ ਦੇ ਘਰ ਆ ਜਾਂਦਾ ਸੀ ਤਾਂ ਬੱਬੂ ਮਾਨ ਆਪਣੇ ਸਾਜ਼ ਛੁਪਾ ਲੈਂਦੇ ਸੀ। ਅੱਜ ਉਹ ਆਪਣੀ ਜ਼ਿੱਦ ਨੂੰ ਪੂਰਾ ਕਰ, ਗਾਇਕੀ ਦੇ ਖੇਤਰ ਵਿੱਚ ਵੱਖਰਾ ਮੁਕਾਮ ਹਾਸਿਲ ਕਰ ਚੁੱਕੇ ਹਨ।