ਪੰਜਾਬ ਵਿੱਚ ਮੌਸਮ ਸਾਫ ਹੋਣ ਲੱਗਾ ਹੈ। ਵੀਰਵਾਰ ਨੂੰ ਹੋਈ ਬਾਰਸ਼ ਤੋਂ ਬਾਅਦ ਅੱਜ ਅੰਮ੍ਰਿਤਸਰ ਤੇ ਜਲੰਧਰ ਸਮੇਤ ਪੰਜਾਬ ਦੇ ਹੋਰ ਇਲਾਕਿਆਂ 'ਤੇ ਮੌਸਮ ਸਾਫ਼ ਰਹਿਣ ਦੀ ਉਮੀਦ ਹੈ।



ਕਾਫੀ ਲੰਬੇ ਅਰਸੇ ਤੋਂ ਬਾਅਦ ਅਗਲੇ ਦਿਨੀਂ ਧੁੱਪ ਨਿਕਲੇਗੀ ਜਿਸ ਨਾਲ ਧੁੰਦ ਤੋਂ ਰਾਹਤ ਮਿਲੇਗੀ।



ਉਂਝ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਰਹੇਗੀ। ਵੈਸਟਰਨ ਡਿਸਟਰਬੈਂਸ ਕਾਰਨ 3 ਤੇ 4 ਫਰਵਰੀ ਨੂੰ ਮੁੜ ਬਾਰਸ਼ ਹੋਣ ਦੀ ਸੰਭਾਵਨਾ ਹੈ।



ਗੁਆਂਢੀ ਸੂਬੇ ਹਰਿਆਣਾ 'ਚ ਮੀਂਹ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਸੰਘਣੀ ਧੁੰਦ ਛਾਈ ਰਹੀ। ਰੇਵਾੜੀ 'ਚ ਵਿਜ਼ੀਬਿਲਟੀ ਜ਼ੀਰੋ ਤੇ ਜੀਂਦ ਸਮੇਤ ਹੋਰ ਥਾਵਾਂ 'ਤੇ 20 ਮੀਟਰ ਤੋਂ ਘੱਟ ਸੀ।



ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਸਥਿਤੀ ਆਮ ਵਾਂਗ ਹੈ। ਹਿਮਾਚਲ ਵਿੱਚ ਅੱਜ ਵੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।



ਦੋ ਦਿਨਾਂ ਦੀ ਲਗਾਤਾਰ ਬਰਫਬਾਰੀ ਤੋਂ ਬਾਅਦ ਸੈਲਾਨੀ ਸ਼ਿਮਲਾ, ਮਨਾਲੀ, ਡਲਹੌਜ਼ੀ, ਭਰਮੌਰ, ਖਜੀਆਰ ਤੇ ਕੁਫਰੀ ਤੋਂ ਵੱਡੀ ਗਿਣਤੀ 'ਚ ਪਹੁੰਚ ਰਹੇ ਹਨ। 



ਉਧਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਵੈਸਟਰਨ ਡਿਸਟਰਬੈਂਸ ਕੱਲ੍ਹ ਯਾਨੀ 3 ਤੇ 4 ਫਰਵਰੀ ਨੂੰ ਫਿਰ ਤੋਂ ਸਰਗਰਮ ਹੋਵੇਗਾ।



ਇਸ ਕਾਰਨ ਸੂਬੇ ਦੇ ਜ਼ਿਆਦਾਤਰ ਇਲਾਕਿਆਂ 'ਚ ਮੀਂਹ ਤੇ ਬਰਫਬਾਰੀ ਦੀ ਸੰਭਾਵਨਾ ਹੈ। ਇਸ ਦਾ ਅਸਰ ਹਰਿਆਣਾ ਤੇ ਪੰਜਾਬ ਵਿੱਚ ਵੀ ਦੇਖਣ ਨੂੰ ਮਿਲੇਗਾ। 



ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਤੇ ਆਸਪਾਸ ਦੇ ਇਲਾਕਿਆਂ ਵਿੱਚ ਪਿਛਲੇ ਦੋ ਦਿਨਾਂ ਤੋਂ ਭਾਰੀ ਮੀਂਹ ਪਿਆ ਹੈ। ਇੱਥੇ ਦੋ ਦਿਨਾਂ ਵਿੱਚ 39.6 ਮਿਲੀਮੀਟਰ ਬਾਰਸ਼ ਹੋਈ ਹੈ। ਇੱਥੇ ਦੋਵੇਂ ਦਿਨ ਗੜੇਮਾਰੀ ਹੋਈ।



ਅੰਬਾਲਾ-ਚੰਡੀਗੜ੍ਹ ਸੜਕ ਨੂੰ ਗੜਿਆਂ ਦੀ ਚਾਦਰ ਨੇ ਢੱਕ ਲਿਆ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਤੱਕ ਕੋਈ ਅਲਰਟ ਜਾਰੀ ਨਹੀਂ ਕੀਤਾ। ਜਦੋਂਕਿ ਇੱਥੇ 4 ਫਰਵਰੀ ਨੂੰ ਮੁੜ ਮੀਂਹ ਪੈ ਸਕਦਾ ਹੈ।