ਪੰਜਾਬ ਸਰਕਾਰ ਨੇ ਮੁਹਾਲੀ 'ਚ 9 ਨਵੇਂ ਸੈਕਟਰ ਬਣਾਉਣ ਲਈ 6,285 ਏਕੜ ਜ਼ਮੀਨ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ। ਨਾਲ ਹੀ ਪੁਰਾਣੇ 5 ਸੈਕਟਰਾਂ ਵਿੱਚ ਬਾਕੀ ਰਹਿ ਗਏ ਕੰਮ ਵੀ ਪੂਰੇ ਕੀਤੇ ਜਾਣਗੇ।

ਇਹ ਕਾਰਵਾਈ 4 ਜੂਨ ਨੂੰ ਨੋਟੀਫਾਈ ਹੋਈ ਨਵੀਂ ਲੈਂਡ ਪੂਲਿੰਗ ਸਕੀਮ ਅਧੀਨ ਕੀਤੀ ਜਾ ਰਹੀ ਹੈ।

ਇਹ ਭਗਵੰਤ ਮਾਨ ਦੀ ਅਗਵਾਈ ਹੇਠ 'ਆਪ' ਸਰਕਾਰ ਵੱਲੋਂ ਜ਼ਮੀਨ ਲੈਣ ਦੀ ਪਹਿਲੀ ਕਾਰਵਾਈ ਹੋਵੇਗੀ।

ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਿਟੀ (ਗਮਾਡਾ) ਵੱਲੋਂ ਨਵੇਂ ਸੈਕਟਰ 84, 87, 103, 120, 121, 122, 123, 124 ਤੇ 101 ਦਾ ਹਿੱਸਾ ਵਿਕਸਤ ਕੀਤੇ ਜਾਣਗੇ।

ਇਸ ਤੋਂ ਇਲਾਵਾ ਬਾਕੀ ਰਹਿ ਗਏ ਸੈਕਟਰ 76, 77, 78, 79 ਅਤੇ 80 ਵੀ ਸਰਕਾਰ ਦੀ ਯੋਜਨਾ ਤਹਿਤ ਵਿਕਸਤ ਕੀਤੇ ਜਾਣਗੇ।

ਗਮਾਡਾ ਦੇ ਮੁੱਖ ਪ੍ਰਸ਼ਾਸਕ ਵਿਸ਼ੇਸ਼ ਸਾਰੰਗਲ ਮੁਤਾਬਕ ਨਵੀਂ ਲੈਂਡ ਪੂਲਿੰਗ ਯੋਜਨਾ ਤਹਿਤ ਚਾਰ ਤੋਂ ਛੇ ਮਹੀਨਿਆਂ ਦੇ ਅੰਦਰ ਜ਼ਮੀਨ ਐਕੁਆਇਰ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਪੁਰਾਣੇ ਜ਼ਮੀਨ ਐਕੁਆਇਰ ਐਕਟ ਤਹਿਤ ਇਸ ਕੰਮ ਨੂੰ ਦੋ ਸਾਲ ਤੱਕ ਲੱਗ ਸਕਦੇ ਸਨ।

ਦੱਸ ਦਈਏ ਕਿ ਨਵੀਂ ਲੈਂਡ ਪੂਲਿੰਗ ਯੋਜਨਾ ਤਹਿਤ ਕਿਸਾਨਾਂ ਨੂੰ ਉਨ੍ਹਾਂ ਦੀ ਅਵਿਕਸਤ/ਖੇਤੀ ਵਾਲੀ ਜ਼ਮੀਨ ਦੇ ਬਦਲੇ ਵਿਕਸਤ ਥਾਵਾਂ ਦਿੱਤੀਆਂ ਜਾਣਗੀਆਂ।

ਰਿਹਾਇਸ਼ੀ ਸੈਕਟਰ ਲਈ ਐਕੁਆਇਰ ਕੀਤੀ ਗਈ ਇਕ ਏਕੜ ਜ਼ਮੀਨ ਦੇ ਮਾਲਕ ਨੂੰ ਇਕ ਹਜ਼ਾਰ ਵਰਗ ਗਜ਼ ਦਾ ਰਿਹਾਇਸ਼ੀ ਪਲਾਟ ਤੇ 200 ਵਰਗ ਗਜ਼ ਦੀ ਵਿਕਸਤ ਕਮਰਸ਼ੀਅਲ ਥਾਂ ਦਿੱਤੀ ਜਾਵੇਗੀ।