ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ਭਲਕੇ ਯਾਨੀਕਿ 1 ਦਸੰਬਰ ਤੋਂ 10 ਦਿਨਾਂ ਦੇ ਲਈ ਜਾਪਾਨ ਜਾ ਰਹੇ ਹਨ।

ਉਹ ਜਾਪਾਨ ਦੀਆਂ ਵੱਡੀਆਂ ਕੰਪਨੀਆਂ ਨੂੰ ਪੰਜਾਬ ’ਚ ਨਿਵੇਸ਼ ਦਾ ਸੱਦਾ ਦੇਣਗੇ ਤੇ ਨਾਲ ਹੀ ਪੰਜਾਬ ’ਚ ਹੋ ਰਹੇ ਨਿਵੇਸ਼ ਸੰਮੇਲਨ ’ਚ ਸ਼ਾਮਲ ਹੋਣ ਦੀ ਅਪੀਲ ਵੀ ਕਰਨਗੇ।

ਮੁੱਖ ਮੰਤਰੀ ਇਕ ਦਸੰਬਰ ਤੋਂ ਲੈ ਕੇ ਦਸ ਦਸੰਬਰ ਤੱਕ ਜਾਪਾਨ ਦੌਰੇ ’ਤੇ ਰਹਿਣਗੇ। ਉਨ੍ਹਾਂ ਨਾਲ ਉਦਯੋਗ ਤੇ ਬਿਜਲੀ ਮੰਤਰੀ ਸੰਜੀਵ ਅਰੋੜਾ, ਮੁੱਖ ਸਕੱਤਰ ਕੇਏਪੀ ਸਿਨਹਾ ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਹੋਣਗੇ।

ਇਕ ਸੀਨੀਅਰ ਅਧਿਕਾਰੀ ਨੇ ਇਸ ਦੌਰੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ CM ਮਾਨ ਟੋਕੀਓ ਤੇ ਸਪੋਰੋ ’ਚ ਇੰਡਸਟ੍ਰੀ ਦੇ ਵੱਡੇ ਨਾਵਾਂ ਨਾਲ ਮੀਟਿੰਗ ਕਰਨਗੇ। ਨਾਲ ਹੀ ਉਨ੍ਹਾਂ ਨੂੰ 13 ਤੋਂ 15 ਮਾਰਚ 2026 ਨੂੰ ਹੋਣ ਵਾਲੇ ਛੇਵੇਂ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ’ਚ ਸ਼ਾਮਲ ਹੋਣ ਲਈ ਸੱਦਾ ਵੀ ਦੇਣਗੇ।

ਉਨ੍ਹਾਂ ਦੱਸਿਆ ਕਿ ਇਸਦੇ ਲਈ ਪਾਲੀਟੀਕਲ ਕਲੀਅਰੈਂਸ ਲਈ ਜਾ ਚੁੱਕੀ ਹੈ।

ਪੰਜਾਬ ਸਰਕਾਰ ਚਾਹੁੰਦੀ ਹੈ ਕਿ ਜਾਪਾਨ ਨਾਲ ਮਿਲ ਕੇ ਕੰਮ ਕੀਤਾ ਜਾਵੇ, ਖਾਸ ਕਰਕੇ ਅਡਵਾਂਸ ਮਸ਼ੀਨਰੀ ਬਣਾਉਣ, ਵਾਹਨਾਂ ਨਾਲ ਸੰਬੰਧਿਤ ਟੈਕਨਾਲੋਜੀ, ਇਲੈਕਟ੍ਰਾਨਿਕਸ, ਖਾਣ-ਪੀਣ ਦੀ ਪ੍ਰੋਸੈਸਿੰਗ, ਸੂਰਜੀ ਊਰਜਾ ਅਤੇ ਹੋਰ ਨਵੀਂ ਊਰਜਾ ਟੈਕਨਾਲੋਜੀ ਵਰਗੇ ਵੱਡੇ ਸੈਕਟਰਾਂ ਵਿੱਚ।

ਇਸ ਤੋਂ ਪਹਿਲਾਂ ਪੰਜਾਬ ਦੇ CM ਭਗਵੰਤ ਮਾਨ ਨੇ ਸਤੰਬਰ 2022 ਵਿੱਚ ਜਰਮਨੀ ਦਾ ਦੌਰਾ ਕੀਤਾ ਸੀ। ਉਸ ਦੌਰਾਨ ਉਨ੍ਹਾਂ ਨੇ ਕਈ ਉਦਯੋਗਪਤੀਆਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਸੱਦਾ ਦਿੱਤਾ ਸੀ।

ਹਾਲਾਂਕਿ ਦਸੰਬਰ 2024 ਵਿੱਚ CM ਮਾਨ ਜਾਪਾਨ ਜਾਣ ਦੀ ਯੋਜਨਾ ਬਣਾਈ ਸੀ, ਪਰ ਕੇਂਦਰ ਸਰਕਾਰ ਤੋਂ ਇਜਾਜ਼ਤ ਨਹੀਂ ਮਿਲੀ ਸੀ।