ਪੰਜਾਬ ਵਿੱਚ ਮੁੜ ਚੋਣ ਮਾਹੌਲ ਬਣ ਰਿਹਾ ਹੈ।

ਪੰਜਾਬ ਵਿੱਚ ਮੁੜ ਚੋਣ ਮਾਹੌਲ ਬਣ ਰਿਹਾ ਹੈ।

ਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ 3 ਮਾਰਚ, 2025 ਨੂੰ ਜਾਰੀ ਪੰਚਾਇਤੀ ਵੋਟਰ ਸੂਚੀਆਂ ਨੂੰ 1 ਸਤੰਬਰ, 2025 ਦੀ ਯੋਗਤਾ ਮਿਤੀ ਅਨੁਸਾਰ ਅਪਡੇਟ ਕਰਨ।

ਆਮ ਤੌਰ 'ਤੇ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਵਿੱਚ ਸੱਤਾਧਿਰ ਦਾ ਹੀ ਬੋਲਬਾਲਾ ਹੁੰਦਾ ਹੈ। ਪਰ ਸਾਲ 2027 ਵੱਲ ਵਧਦਿਆਂ, ਇਹ ਚੋਣਾਂ ਸਾਰੀਆਂ ਪਾਰਟੀਆਂ ਲਈ ਵੱਧ ਅਹਿਮ ਹੋ ਗਈਆਂ ਹਨ।

ਕਿਸਾਨ ਅੰਦੋਲਨ ਅਤੇ ਲੈਂਡ ਪੂਲਿੰਗ ਪਾਲਿਸੀ ਕਾਰਨ ਪਿੰਡਾਂ ਵਿੱਚ ਗੁੱਸਾ ਵਧਿਆ ਹੈ, ਜਿਸ ਕਰਕੇ AAP ਲਈ ਇਹ ਚੋਣਾਂ ਹੋਰ ਵੀ ਮਹੱਤਵਪੂਰਨ ਬਣ ਗਈਆਂ ਹਨ।

ਰਾਜ ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਵੋਟਰ ਸੂਚੀਆਂ ਦਾ ਖਰੜਾ 19 ਅਗਸਤ ਨੂੰ ਜਾਰੀ ਹੋਵੇਗਾ।

20 ਤੋਂ 27 ਅਗਸਤ ਤੱਕ ਇਸ ’ਤੇ ਦਾਅਵੇ ਅਤੇ ਇਤਰਾਜ਼ ਦਰਜ ਕੀਤੇ ਜਾ ਸਕਦੇ ਹਨ।

1 ਸਤੰਬਰ ਤੱਕ ਸਾਰੇ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ ਕਰ ਲਿਆ ਜਾਵੇਗਾ, ਅਤੇ 3 ਸਤੰਬਰ ਨੂੰ ਅੰਤਿਮ ਵੋਟਰ ਸੂਚੀਆਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ।

ਕਮਿਸ਼ਨ ਦੇ ਤਰਜਮਾਨ ਮੁਤਾਬਕ, ਸਾਰੇ ਯੋਗ ਵਿਅਕਤੀ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾ ਸਕਦੇ ਹਨ।

ਦੱਸ ਦਈਏ ਕਿ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਨੇ ਪਿਛਲੇ ਦਿਨੀਂ ਰਾਜ ਚੋਣ ਕਮਿਸ਼ਨ ਨੂੰ ਸੂਬੇ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ 5 ਅਕਤੂਬਰ ਤੱਕ ਕਰਵਾਉਣ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਚੋਣ ਹਲਕਿਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।