ਡਿਜੀਟਲ ਵੱਲ ਵਧਦੇ ਕਦਮਾਂ ਤਹਿਤ ਰੇਲਵੇ ਨੇ ਯਾਤਰੀਆਂ ਲਈ QR ਕੋਡ ਅਤੇ ਯੂ. ਟੀ. ਐੱਸ. ਆਨ ਮੋਬਾਇਲ ਐਪਲੀਕੇਸ਼ਨ ਜ਼ਰੀਏ ਟਿਕਟ ਬੁਕਿੰਗ ਨੂੰ ਆਸਾਨ ਬਣਾਉਣ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ।

ਇਸ ਮੁਹਿੰਮ ਤਹਿਤ ਫਿਰੋਜ਼ਪੁਰ ਮੰਡਲ ਅਧੀਨ ਆਉਣ ਵਾਲੇ ਜਲੰਧਰ ਰੇਲਵੇ ਸਟੇਸ਼ਨ ਸਮੇਤ ਹੋਰ ਪ੍ਰਮੁੱਖ ਸਟੇਸ਼ਨਾਂ ’ਤੇ ਯਾਤਰੀਆਂ ਨੂੰ ਮੋਬਾਈਲ ਤੋਂ ਟਿਕਟ ਬੁਕਿੰਗ ਦੇ ਲਾਭਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ।

ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ QR ਕੋਡ ਸਕੈਨ ਕਰਕੇ ਡਿਜੀਟਲ ਭੁਗਤਾਨ ਜ਼ਰੀਏ ਟਿਕਟ ਬੁੱਕ ਕਰਵਾ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ ਟਿਕਟ ਕਾਊਂਟਰ ’ਤੇ ਲੰਮੀਆਂ ਲਾਈਨਾਂ ਵਿਚ ਲੱਗਣ ਦੀ ਲੋੜ ਨਹੀਂ ਪਵੇਗੀ

ਇਸ ਤੋਂ ਇਲਾਵਾ ਰੇਲਵੇ ਦੀ ਯੂ. ਟੀ. ਐੱਸ. ਆਨ ਮੋਬਾਈਲ ਐਪਲੀਕੇਸ਼ਨ ਯਾਤਰੀਆਂ ਨੂੰ ਅਨਰਿਜ਼ਰਵਡ ਟਿਕਟ, ਪਲੇਟਫਾਰਮ ਟਿਕਟ ਅਤੇ ਮਹੀਨਾਵਾਰ ਸੀਜ਼ਨ ਟਿਕਟ ਬੁੱਕ ਕਰਨ ਦੀ ਸਹੂਲਤ ਮੁਹੱਈਆ ਕਰਦੀ ਹੈ।



ਇਹ ਪਹਿਲ ਨਾ ਸਿਰਫ਼ ਯਾਤਰੀਆਂ ਦੇ ਸਮੇਂ ਦੀ ਬੱਚਤ ਕਰੇਗੀ, ਸਗੋਂ ਨਕਦੀ ਦੇ ਲੈਣ-ਦੇਣ ਦੇ ਝੰਜਟ ਤੋਂ ਵੀ ਮੁਕਤੀ ਦਿਵਾਏਗੀ।

ਰੇਲਵੇ ਸਟਾਫ਼ ਨੇ ਜਲੰਧਰ ਰੇਲਵੇ ਸਟੇਸ਼ਨ ’ਤੇ ਵਿਸ਼ੇਸ਼ ਕਾਊਂਟਰ ਸਥਾਪਤ ਕੀਤੇ ਹਨ, ਜਿਥੇ ਯਾਤਰੀਆਂ ਨੂੰ QR ਨਾਲ ਭੁਗਤਾਨ ਕਰਨ ਅਤੇ ਯੂ. ਟੀ. ਐੱਸ. ਆਨ ਮੋਬਾਈਲ ਦੇ ਫੀਚਰਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।

ਸਟਾਫ਼ ਵੱਲੋਂ ਯਾਤਰੀਆਂ ਦੇ ਮੋਬਾਇਲ ਫੋਨ ਯੂ. ਟੀ. ਐੱਸ. ਐਪਲੀਕੇਸ਼ਨ ਇੰਸਟਾਲ ਕਰਵਾਈ ਜਾ ਰਹੀ ਹੈ ਤਾਂ ਕਿ ਉਹ ਖ਼ੁਦ ਹੀ ਟਿਕਟ ਬੁਕਿੰਗ ਕਰ ਸਕਣ ਅਤੇ ਕਾਊਂਟਰਾਂ ਦੀ ਭੀੜ ਤੋਂ ਬਚ ਸਕਣ।



ਜਾਗਰੂਕਤਾ ਮੁਹਿੰਮ ਜਲੰਧਰ ਸਿਟੀ ਦੇ ਇਲਾਵਾ ਜਲੰਧਰ ਕੈਂਟ, ਲੁਧਿਆਣਾ, ਅੰਮ੍ਰਿਤਸਰ, ਪਠਾਨਕੋਟ ਸਮੇਤ ਹੋਰਨਾਂ ਪ੍ਰਮੁੱਖ ਰੇਲਵੇ ਸਟੇਸ਼ਨਾਂ ’ਤੇ ਵੀ ਜਾਰੀ ਹੈ।

ਰੇਲਵੇ ਵੱਲੋਂ ਮੁਹੱਈਆ ਕੀਤਾ ਗਿਆ QR ਕੋਡ ਡਿਸਪਲੇਅ ਮਸ਼ੀਨਾਂ ’ਤੇ ਟਿਕਟ ਕਾਊਂਟਰਾਂ ’ਤੇ ਲਾਇਆ ਗਿਆ ਹੈ।



ਯਾਤਰੀ ਆਪਣੇ ਯੂ. ਪੀ. ਆਈ. ਆਧਾਰਿਤ ਐਪਸ (ਜਿਵੇਂ ਗੂਗਲ ਪੇਅ, ਫੋਨ ਪੇਅ, ਪੇਟੀਅਮ, ਭੀਮ ਆਦਿ) ਦੀ ਵਰਤੋਂ ਕਰ ਕੇ ਕਿਊ. ਆਰ. ਕੋਡ ਨੂੰ ਸਕੈਨ ਕਰ ਸਕਦੇ ਹਨ ਅਤੇ ਸਿੱਧਾ ਭੁਗਤਾਨ ਕਰ ਸਕਦੇ ਹਨ।