ਪੰਜਾਬ ਪੁਲਿਸ ਵਿਭਾਗ 'ਚ ਅਗਲੇ ਸਾਲ 3400 ਕਾਂਸਟੇਬਲਾਂ ਦੀ ਸਿੱਧੀ ਭਰਤੀ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।

ਇਸ ਸੰਬੰਧੀ ਹੁਕਮ ਪੰਜਾਬ ਦੇ DGP ਗੌਰਵ ਯਾਦਵ ਨੇ ਜਾਰੀ ਕਰ ਦਿੱਤਾ ਹੈ। ਡੀਜੀਪੀ ਨੇ ਇਸ ਭਰਤੀ ਪ੍ਰਕਿਰਿਆ ਨੂੰ ਜਲਦ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ।

ਇਸ ਮੌਕੇ ਉਨ੍ਹਾਂ ਨੇ ਸੂਬੇ ਦੇ ਪੁਲੀਸ ਕਮਿਸ਼ਨਰ, ਐੱਸ ਐੱਸ ਪੀ ਅਤੇ ਐੱਸ ਐੱਚ ਓ ਰੈਂਕ ਤੱਕ ਦੇ ਅਧਿਕਾਰੀਆਂ ਨਾਲ ਵਰਚੁਅਲ ਮੀਟਿੰਗ ਕਰਕੇ ਭਵਿੱਖ ਦੀ ਯੋਜਨਾ ਬਾਰੇ ਚਰਚਾ ਕੀਤੀ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸਟਾਫ਼ ਦੀ ਘਾਟ ਨੂੰ ਦੇਖਦਿਆਂ ਸਰਕਾਰ ਨੇ ਨਵੀਆਂ ਅਸਾਮੀਆਂ ਦੀ ਸਿਰਜਣਾ ਕੀਤੀ ਹੈ।

ਇਸ ਦੇ ਤਹਿਤ ASI ਤੋਂ ਇੰਸਪੈਕਟਰ ਰੈਂਕ ਤੱਕ 1600 ਅਸਾਮੀਆਂ ਬਣਾਈਆਂ ਗਈਆਂ ਹਨ, ਜਿਸ ਵਿੱਚ 150 ਇੰਸਪੈਕਟਰ, 450 ਐੱਸਆਈ ਅਤੇ 1000 ਏਐੱਸਆਈਆਂ ਦੀ ਤਰੱਕੀ ਰਾਹੀਂ ਭਰਤੀ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਜ਼ਿਲ੍ਹਾ ਕਾਡਰਾਂ ਵਿੱਚ 4500 ਹੋਰ ਅਸਾਮੀਆਂ ਨੂੰ ਪੜਾਅਵਾਰ ਭਰਨ ਦੇ ਹੁਕਮ ਦਿੱਤੇ ਗਏ ਹਨ।

ਉਨ੍ਹਾਂ ਨੇ ਪੁਲੀਸ ਕਮਿਸ਼ਨਰਜ਼ ਅਤੇ ਐੱਸ ਐੱਸ ਪੀਜ਼ ਨੂੰ ਆਦੇਸ਼ ਦਿੱਤਾ ਕਿ ਥਾਣਿਆਂ ਵਿੱਚ ਨਸ਼ਾ ਤਸਕਰੀ ਸਬੰਧੀ ਮਾਮਲਿਆਂ ਦੀ ਨਿਗਰਾਨੀ ਲਈ ਹੈੱਡ ਕਾਂਸਟੇਬਲਾਂ ਦੀ ਤਾਇਨਾਤੀ ਕੀਤੀ ਜਾਵੇ।

ਡੀਜੀਪੀ ਨੇ ਇਹ ਵੀ ਕਿਹਾ ਕਿ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਲਈ ਹੋਰ ਅਧਿਕਾਰੀ ਸਮੇਂ ਦੇ ਨਾਲ ਸ਼ਾਮਲ ਕੀਤੇ ਜਾਣਗੇ।