Punjab News: ਪੰਜਾਬ ਸਿੱਖਿਆ ਵਿਭਾਗ ਵੱਲੋਂ ਸੂਬੇ ਭਰ ਦੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ’ਚ ਹੁਕਮ ਜਾਰੀ ਕੀਤੇ ਗਏ ਹਨ। ਜਿਸਦੇ ਚੱਲਦੇ ਸਕੂਲਾਂ ਵਿੱਚ 9 ਅਤੇ 10 ਦਸੰਬਰ ਨੂੰ ‘ਮੈਗਾ ਅਪਾਰ ਦਿਵਸ’ ਮਨਾਇਆ ਜਾਵੇਗਾ।



ਇਸ ਸਬੰਧੀ ਡਾਇਰੈਕਟਰ ਜਨਰਲ ਆਫ ਸਕੂਲ ਐਜੂਕੇਸ਼ਨ (ਡੀ.ਜੀ.ਐੱਸ.ਈ.) ਨੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨੂੰ ਵਿਸਤ੍ਰਿਤ ਹਦਾਇਤਾਂ ਜਾਰੀ ਕੀਤੀਆਂ ਹਨ।



ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਦੀ ‘ਅਪਾਰ ਆਈ-ਡੀ’ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਹੈ, ਤਾਂ ਜੋ ਸਿੱਖਿਆ ਪ੍ਰਣਾਲੀ ’ਚ ਪਾਰਦਰਸ਼ਤਾ ਅਤੇ ਕੁਸ਼ਲਤਾ ਲਿਆਂਦੀ ਜਾ ਸਕੇ।



‘ਮੈਗਾ ਅਪਾਰ ਦਿਵਸ’ ਦਾ ਉਦੇਸ਼ ਸੂਬੇ ਦੇ ਸਾਰੇ ਵਿੱਦਿਅਕ ਅਦਾਰਿਆਂ ਨੂੰ ਡਿਜੀਟਲ ਪਛਾਣ ਪ੍ਰਣਾਲੀ ਨਾਲ ਜੋੜਨਾ ਹੈ। ‘ਅਪਾਰ ਆਈ-ਡੀ’ ਸਿਸਟਮ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਦੇ ਡਿਜੀਟਲ ਰਿਕਾਰਡ ਬਣਾਏਗਾ,



ਜੋ ਸਿੱਖਿਆ ਵਿਭਾਗ ਨੂੰ ਸਕੀਮਾਂ ਨੂੰ ਲਾਗੂ ਕਰਨ ਅਤੇ ਨਿਗਰਾਨੀ ਕਰਨ ’ਚ ਸਹਾਇਤਾ ਕਰੇਗਾ। ‘ਮੈਗਾ ਅਪਾਰ ਦਿਵਸ’ ਦੇ ਆਯੋਜਨ ਲਈ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਅਤੇ ਸਿਖਲਾਈ ਪਹਿਲਾਂ ਹੀ ਪ੍ਰਦਾਨ ਕੀਤੀ ਜਾ ਚੁੱਕੀ ਹੈ।



ਡੀ.ਜੀ.ਐੱਸ.ਈ. ਨੇ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਇਨ੍ਹਾਂ 2 ਦਿਨਾਂ ਦੌਰਾਨ ਸਾਰੇ ਵਿਦਿਆਰਥੀਆਂ ਦੀ ‘ਅਪਾਰ ਆਈ-ਡੀ’ ਬਣਾਈ ਜਾਵੇ।



ਇਹ ਕਦਮ ਸਿੱਖਿਆ ਪ੍ਰਣਾਲੀ ਨੂੰ ਡਿਜੀਟਲ ਤੌਰ ’ਤੇ ਸਸ਼ਕਤ ਬਣਾਉਣ ਅਤੇ ਇਕ ਏਕੀਕ੍ਰਿਤ ਪਛਾਣ ਪ੍ਰਣਾਲੀ ਰਾਹੀਂ ਸਾਰਿਆਂ ਨੂੰ ਜੋੜਨ ਲਈ ਇਕ ਮੀਲ ਪੱਥਰ ਸਾਬਤ ਹੋਵੇਗਾ।



ਡੀ.ਜੀ.ਐੱਸ.ਈ. ਨੇ ਜ਼ਿਲ੍ਹਾ ਅਤੇ ਬਲਾਕ ਪੱਧਰੀ ਐੱਮ.ਆਈ.ਐੱਸ. ਕੋਆਰਡੀਨੇਟਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਕੂਲਾਂ ਨੂੰ ਯੂ-ਡਾਈਸ ਪੋਰਟਲ ’ਤੇ ‘ਅਪਾਰ ਆਈ-ਡੀ’' ਜਨਰੇਟ ਕਰਨ ਦੇ ਤਕਨੀਕੀ ਕਾਰਜਾਂ ਦੀ ਜ਼ਿੰਮੇਵਾਰੀ ਨਿਭਾਉਣ।



ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਡਿਜੀਟਲ ਪ੍ਰਕਿਰਿਆ ’ਚ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਰੁਕਾਵਟ ਨੂੰ ਦੂਰ ਕਰਨ ਲਈ ਐੱਮ.ਆਈ.ਐੱਸ. ਕੋਆਰਡੀਨੇਟਰਾਂ ਦੇ ਨਾਲ-ਨਾਲ ਸਰਗਰਮ ਭੂਮਿਕਾ ਨਿਭਾਉਣ।



ਇਹ ਯਕੀਨੀ ਬਣਾਇਆ ਜਾਵੇਗਾ ਕਿ ‘ਮੈਗਾ ਅਪਾਰ ਦਿਵਸ’ ਦੇ ਤਹਿਤ ਸਾਰੇ ਕੰਮ ਨਿਰਧਾਰਿਤ ਸਮੇਂ ਅੰਦਰ ਪੂਰੇ ਕੀਤੇ ਜਾਣ। ਇਸ ਦੇ ਨਾਲ ਹੀ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ



ਕਿ ਉਹ 10 ਦਸੰਬਰ ਨੂੰ ਸ਼ਾਮ 4.30 ਵਜੇ ਤੱਕ ਸਕੂਲਾਂ ਦੀ ਪ੍ਰਗਤੀ ਦੀ ਮੁਕੰਮਲ ਰਿਪੋਰਟ ਤਿਆਰ ਕਰ ਕੇ mispunjab@punjabeducation.gov.in ’ਤੇ ਭੇਜਣ।