ਮੌਸਮ ਵਿਭਾਗ ਨੇ ਮੈਨਸੂਨ ਦੇ ਦੁਬਾਰਾ ਸਰਗਰਮ ਹੋਣ ਨਾਲ ਪੰਜਾਬ 'ਚ ਅਗਲੇ ਤਿੰਨ ਦਿਨਾਂ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਹੈ। ਵਿਭਾਗ ਮੁਤਾਬਕ, 23 ਅਗਸਤ ਤੱਕ ਕਈ ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਹੋ ਸਕਦੀ ਹੈ। ਖ਼ਾਸ ਤੌਰ 'ਤੇ ਪਠਾਨਕੋਟ, ਗੁਰਦਾਸਪੁਰ, ਫ਼ਿਰੋਜ਼ਪੁਰ, ਫਾਜ਼ਿਲਕਾ, ਰੂਪਨਗਰ, ਪਟਿਆਲਾ, ਫਤਹਿਗੜ੍ਹ ਸਾਹਿਬ, ਲੁਧਿਆਣਾ ਤੇ ਚੰਡੀਗੜ੍ਹ 'ਚ ਬਾਰਿਸ਼ ਦਾ ਅਨੁਮਾਨ ਹੈ। ਮੌਸਮ ਕੇਂਦਰ ਚੰਡੀਗੜ੍ਹ ਦੇ ਮੁਤਾਬਕ, ਅਗਸਤ 'ਚ ਹੁਣ ਤੱਕ ਸਾਧਾਰਨ ਤੋਂ ਨੌ ਫੀਸਦੀ ਘੱਟ ਬਾਰਿਸ਼ ਹੋਈ ਹੈ। ਜਦਕਿ ਮੌਨਸੂਨ ਸੀਜ਼ਨ ਦੇ ਹਾਲੇ ਤੱਕ ਦੇ ਤਿੰਨ ਮਹੀਨਿਆਂ ਦੌਰਾਨ ਸਾਧਾਰਨ ਤੋਂ 33 ਫ਼ੀਸਦੀ ਘੱਟ ਬਾਰਿਸ਼ ਹੋਈ ਹੈ। ਜਲਾਈ ਦੇ ਮੁਕਾਬਲੇ ਅਗਸਤ 'ਚ ਮੌਨਸੂਨ ਦਾ ਪ੍ਰਦਰਸ਼ਨ ਬਿਹਤਰ ਹੈ। ਉੱਧਰ, ਮੰਗਲਵਾਰ ਸਵੇਰੇ ਸੱਤ ਜ਼ਿਲ੍ਹਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਪੰਜਾਬ 'ਚ ਮੰਗਲਵਾਰ ਨੂੰ ਵੀ ਬੱਦਲ ਛਾਏ ਨਜ਼ਰ ਆਏ। ਅੱਜ ਸਵੇਰੇ ਵੀ ਕਈ ਥਾਵਾਂ 'ਤੇ ਕਾਲੇ ਬੱਦਲ ਹਨ ਅਤੇ ਕਈ ਇਲਾਕਿਆਂ ਵਿੱਚ ਮੀਂਹ ਵੀ ਪਿਆ ਹੈ। ਲੁਧਿਆਣਾ, ਬਠਿੰਡਾ, ਪਠਾਨਕੋਟ, ਫ਼ਿਰੋਜ਼ਪੁਰ, ਕਪੂਰਥਲਾ ਸਮੇਤ ਕਈ ਥਾਵਾਂ 'ਤੇ ਮੀਂਹ ਪਿਆ। 24 ਘੰਟਿਆਂ ਦੌਰਾਨ ਗੁਰਦਾਸਪੁਰ 'ਚ 80 ਮਿਲੀਮੀਟਰ, ਫ਼ਿਰੋਜ਼ਪੁਰ 'ਚ 1.0, ਪਟਿਆਲਾ 'ਚ 3.0, ਚੰਡੀਗੜ੍ਹ, ਫਤਹਿਗੜ੍ਹ ਸਾਹਿਬ ਤੇ ਅੰਮਿਰਤਸਰ 'ਚ 0.5, ਪਠਾਨਕੋਟ 'ਚ 0.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਚੰਡੀਗੜ੍ਹ 'ਚ ਹਲਕੀ ਬਾਰਿਸ਼ ਹੋਈ ਹੈ। ਇਸੇ ਤਰ੍ਹਾਂ ਲੁਧਿਆਣਾ ਵਿੱਚ 27 ਮਿਲੀਮੀਟਰ, ਪਠਾਨਕੋਟ ਵਿੱਚ 25 ਮਿਲੀਮੀਟਰ ਅਤੇ ਫ਼ਿਰੋਜ਼ਪੁਰ ਵਿੱਚ 14 ਮਿਲੀਮੀਟਰ ਮੀਂਹ ਪਿਆ। ਮੰਗਲਵਾਰ ਨੂੰ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 37.9 ਡਿਗਰੀ ਰਿਹਾ। ਸੂਬੇ 'ਚ ਅਗਸਤ ਦੇ 20 ਦਿਨਾਂ 'ਚ 96.2 ਮਿਲੀਮੀਟਰ ਬਾਰਿਸ਼ ਹੋਈ ਹੈ। ਆਮ ਤੌਰ 'ਤੇ ਇਨ੍ਹਾਂ 20 ਦਿਨਾਂ ਦੌਰਾਨ 106.1 ਮਿਲੀਮੀਟਰ ਵਰਖਾ ਹੁੰਦੀ ਹੈ। ਭਾਵ 9 ਮਿਲੀਮੀਟਰ ਘੱਟ ਬਾਰਿਸ਼ ਹੋਈ ਹੈ। ਦੂਜੇ ਪਾਸੇ ਪੰਜਾਬ 'ਚ 1 ਜੂਨ ਤੋਂ 20 ਅਗਸਤ ਤੱਕ ਸੀਜ਼ਨ ਦੀ ਬਾਰਿਸ਼ 215.1 ਮਿਲੀਮੀਟਰ ਦਰਜ ਕੀਤੀ ਗਈ ਹੈ, ਜੋ ਕਿ 33 ਫੀਸਦੀ ਘੱਟ ਹੈ। ਇਸ ਦੇ ਨਾਲ ਹੀ ਹਿਮਾਚਲ 'ਚ ਮੰਗਲਵਾਰ ਰਾਤ 4 ਜ਼ਿਲਿਆਂ ਕਾਂਗੜਾ, ਮੰਡੀ, ਬਿਲਾਸਪੁਰ ਅਤੇ ਚੰਬਾ 'ਚ ਭਾਰੀ ਮੀਂਹ ਪਿਆ। ਚੰਬਾ 'ਚ ਪਹਾੜੀ ਤੋਂ ਪੱਥਰ ਡਿੱਗਣ ਨਾਲ ਇਕ ਔਰਤ ਦੀ ਮੌਤ ਹੋ ਗਈ। ਪੰਜਾਬ ਵਿੱਚ 4 ਦਿਨਾਂ ਤੋਂ ਮੌਸਮ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਹੈ। ਹਿਮਾਚਲ ਦੇ 8 ਜ਼ਿਲ੍ਹਿਆਂ ਵਿੱਚ ਬੁੱਧਵਾਰ ਨੂੰ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਦੀ ਹੋਰ ਜਾਣਕਾਰੀ ਹਾਸਲ ਕਰਨ ਲਈ ਸਾਡੀ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ।