ਸੀਤ ਲਹਿਰ ਦੇ ਚੱਲਦਿਆਂ ਇਸ ਤੋਂ ਬਚਾਅ ਸਬੰਧੀ ਸਿਵਲ ਸਰਜਨ ਡਾ. ਜਸਵੀਰ ਕੌਰ ਵੱਲੋਂ ਸਿਹਤ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਖੁਸ਼ਕ ਸਰਦੀ ਦੇ ਮੌਸਮ ਵਿਚ ਬੱਚੇ, ਬਜ਼ੁਰਗ ਅਤੇ ਨੌਜਵਾਨ ਖੰਘ, ਜ਼ੁਕਾਮ, ਗਲਾ ਖ਼ਰਾਬ ਅਤੇ ਬੁਖ਼ਾਰ ਦੀ ਲਪੇਟ ਵਿੱਚ ਆ ਰਹੇ ਸਨ। ਮੌਸਮ ਵਿੱਚ ਤਬਦੀਲੀ ਨਾਲ ਲਗਾਤਾਰ ਘਟ ਰਹੇ ਤਾਪਮਾਨ ਵਿੱਚ ਸਿਹਤ ਪ੍ਰਤੀ ਲਾਹਪ੍ਰਵਾਹੀ ਖ਼ਤਰਨਾਕ ਸਾਬਤ ਹੋ ਸਕਦੀ ਹੈ। ਆਮ ਲੋਕਾਂ ਖਾਸ ਕਰ ਬਜ਼ੁਰਗਾਂ ਅਤੇ ਬੱਚਿਆਂ ਲਈ ਠੰਡ ਵਿੱਚ ਜ਼ਿਆਦਾ ਦੇਰ ਰਹਿਣ ਨਾਲ ਗੰਭੀਰ ਮੈਡੀਕਲ ਸਥਿਤੀ ਪੈਦਾ ਹੋ ਸਕਦੀ ਹੈ। ਇਸ ਲਈ ਬਜ਼ੁਰਗ, ਬੱਚੇ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਸੰਬੰਧਿਤ ਮਰੀਜ਼ ਸਵੇਰ ਅਤੇ ਦੇਰ ਸ਼ਾਮ ਦੇ ਸਮੇਂ ਜ਼ਿਆਦਾ ਠੰਡ ਅਤੇ ਧੁੰਦ ਹੋਣ ’ਤੇ ਸੈਰ ਕਰਨ ਜਾਂ ਘਰੋਂ ਬਾਹਰ ਜਾਣ ਤੋਂ ਗੁਰੇਜ ਕਰਨ। ਛੋਟੇ ਬੱਚਿਆਂ ਨੂੰ ਇਸ ਮੌਸਮ ਵਿੱਚ ਨਿਮੋਨੀਆ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ ਅਤੇ ਠੰਡ ਲੱਗਣ ਨਾਲ ਛੋਟੇ ਬੱਚਿਆਂ ਨੂੰ ਉਲਟੀ, ਦਸਤ ਵੀ ਲੱਗ ਸਕਦੇ ਹਨ। ਇਸ ਲਈ ਬੱਚਿਆਂ ਦੀ ਸੰਭਾਲ ਵੱਲ ਖ਼ਾਸ ਧਿਆਨ ਦਿੰਦੇ ਹੋਏੇ ਸਰਦੀ ਤੋਂ ਬਚਾਅ ਲਈ ਛੋਟੇ ਬੱਚਿਆਂ ਨੂੰ ਪੂਰੀ ਤਰ੍ਹਾਂ ਸਰੀਰ ਢੱਕਣ ਵਾਲੇ ਗਰਮ ਕੱਪੜੇ ਪਾਉਣ ਦੇ ਨਾਲ ਸਿਰ ਤੇ ਟੋਪੀ ਅਤੇ ਪੈਰਾਂ ਵਿੱਚ ਜੁਰਾਬਾਂ ਜ਼ਰੂਰ ਪਾਈਆਂ ਜਾਣ। ਸਰੀਰ ਦੇ ਤਾਪਮਾਨ ਵਿੱਚ ਗਿਰਾਵਟ ਨਾਲ ਬੋਲਣ ਵਿੱਚ ਕੰਬਣੀ, ਨੀਂਦ ਆਉਣਾ, ਮਾਸਪੇਸ਼ੀਆਂ ਦੀ ਕਠੋਰਤਾ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਹੋ ਸਕਦੀ ਹੈ। ਇਸ ਲਈ ਉਨ੍ਹਾਂ ਸੁਝਾਅ ਦਿੱਤਾ ਹੈ ਕਿ ਕਾਂਬੇ ਨੂੰ ਨਜ਼ਰਅੰਦਾਜ਼ ਨਾ ਕਰੋ, ਕਿਉਂਕਿ ਇਹ ਸਰੀਰ ਵਿੱਚ ਗਰਮੀ ਦੀ ਕਮੀ ਦੇ ਸ਼ੁਰੂਆਤੀ ਲੱਛਣਾਂ ਵਿੱਚੋਂ ਇਕ ਹੈ। ਡਾ. ਕੌਰ ਨੇ ਦੱਸਿਆ ਕਿ ਠੰਡ ਤੋਂ ਬਚਾਅ ਲਈ ਢੁੱਕਵੇਂ ਪ੍ਰਬੰਧ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਠੰਢ ਤੋਂ ਬਚਾਅ ਲਈ ਗਰਮ ਕੱਪੜੇ ਪਾਉਣੇ ਚਾਹੀਦੇ ਹਨ। ਉਨ੍ਹਾਂ ਭਾਰੀ ਕੱਪੜਿਆਂ ਦੀ ਇਕ ਪਰਤ ਦੀ ਬਜਾਏ ਹਲਕੇ ਭਾਰ ਵਾਲੇ ਕੱਪੜਿਆਂ ਦੀਆਂ ਕਈ ਪਰਤਾਂ ਪਹਿਨਣ ਦਾ ਸੁਝਾਅ ਦਿੱਤਾ ਹੈ, ਕਿਉਂਕਿ ਤੰਗ ਕੱਪੜੇ ਖ਼ੂਨ ਦੇ ਪ੍ਰਵਾਹ ਨੂੰ ਘਟਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਠੰਡ ਵਿਚ ਗਰਮ ਤਰਲ ਪਦਾਰਥਾਂ ਦੀ ਜ਼ਿਆਦਾ ਵਰਤੋਂ ਕੀਤੀ ਜਾਵੇ, ਕਿਉਂਕਿ ਇਹ ਠੰਡ ਦੀ ਲਹਿਰ ਨਾਲ ਲੜਨ ਲਈ ਸਰੀਰ ਦੀ ਗਰਮੀ ਨੂੰ ਬਰਕਰਾਰ ਰੱਖੇਗਾ। ਲੋੜੀਂਦੀ ਪ੍ਰਤੀਰੋਧਕ ਸ਼ਕਤੀ ਬਣਾਈ ਰੱਖਣ ਲਈ ਵਿਟਾਮਿਨ-ਸੀ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਖਾਓ।