ਪੂਰੇ ਮੁਲਕ ਨੂੰ ਰੋਟੀਆਂ ਖੁਵਾਉਣ ਵਾਲੇ ਪੰਜਾਬ ਵਿੱਚ ਕਣਕ ਮੁੱਕਣ ਲੱਗੀ ਹੈ।

ਪੂਰੇ ਮੁਲਕ ਨੂੰ ਰੋਟੀਆਂ ਖੁਵਾਉਣ ਵਾਲੇ ਪੰਜਾਬ ਵਿੱਚ ਕਣਕ ਮੁੱਕਣ ਲੱਗੀ ਹੈ।

ਸੂਬੇ ਉਪਰ ਇਨ੍ਹੀਂ ਦਿਨੀਂ ਕਣਕ ਦੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਕਣਕ ਦੀ ਕਮੀ ਕਾਰਨ ਜ਼ਿਆਦਾਤਰ ਆਟਾ ਮਿੱਲਾਂ ਬੰਦ ਹੋ ਗਈਆਂ ਹਨ।

ਇਸ ਵਜ੍ਹਾ ਕਰਕੇ ਕਿ ਆਟੇ ਦੀ ਕੀਮਤ 40 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਹੁਣ ਪੰਜਾਬ ਰੋਲਰਜ਼ ਫਲੋਰ ਮਿੱਲ ਐਸੋਸੀਏਸ਼ਨ ਵੱਲੋਂ ਕੇਂਦਰ ਸਰਕਾਰ ਤੋਂ ਦਖਲ ਮੰਗਿਆ ਗਿਆ ਹੈ।



ਪੰਜਾਬ ਰੋਲਰਜ਼ ਫਲੋਰ ਮਿੱਲ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਕੁਮਾਰ ਘਈ ਨੇ ਕਿਹਾ ਕਿ ਦੂਜੇ ਰਾਜਾਂ ਤੋਂ ਕਣਕ ਆਉਣ ਤੋਂ ਬਹੁਤ ਪਹਿਲਾਂ ਹੀ ਪੰਜਾਬ ਵਿੱਚ ਕਣਕ ਦੀ ਘਾਟ ਸ਼ੁਰੂ ਹੋ ਗਈ ਸੀ।



ਇਸ ਕਾਰਨ ਆਟੇ ਦੀਆਂ ਕੀਮਤਾਂ ਲਗਾਤਾਰ ਰਿਕਾਰਡ ਤੋੜ ਰਹੀਆਂ ਹਨ।



ਉਨ੍ਹਾਂ ਕਿਹਾ ਕਿ ਐਫਸੀਆਈ ਵੱਲੋਂ ਸੂਬਿਆਂ ਨੂੰ ਕਣਕ ਦੀ ਸਪਲਾਈ ਕੀਤੀ ਜਾਂਦੀ ਹੈ ਪਰ ਇਸ ਵਾਰ ਟੈਂਡਰ ਨਾ ਹੋਣ ਕਾਰਨ ਦੇਰੀ ਹੋਈ ਹੈ। ਕਿਸੇ ਕੋਲ ਵੀ ਸਟਾਕ ਨਹੀਂ ਹੈ ਜਿਸ ਕਾਰਨ ਪੰਜਾਬ ਵਿੱਚ ਆਟੇ ਦੀ ਘਾਟ ਹੋ ਗਈ ਹੈ।

ਉਨ੍ਹਾਂ ਨੇ ਦੱਸਿਆ ਕਿ ਜ਼ਿਆਦਾਤਰ ਆਟਾ ਮਿੱਲਾਂ ਵਿੱਚ ਕੰਮ ਠੱਪ ਹੋ ਗਿਆ ਹੈ।



ਚੇਅਰਮੈਨ ਘਈ ਨੇ ਕਿਹਾ ਕਿ ਆਟੇ ਦੀ ਕੀਮਤ ਵਿੱਚ ਵਾਧੇ ਨਾਲ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ।

ਪ੍ਰਚੂਨ ਬਾਜ਼ਾਰ ਵਿੱਚ ਆਟੇ ਦੀ ਕੀਮਤ ਦਸ ਰੁਪਏ ਪ੍ਰਤੀ ਕਿਲੋਗ੍ਰਾਮ ਵਧ ਸਕਦੀ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਵੱਖ-ਵੱਖ ਬ੍ਰਾਂਡਾਂ ਦੀਆਂ ਬਰੈੱਡ ਵੀ ਮਹਿੰਗੀਆਂ ਹੋ ਸਕਦੀਆਂ ਹਨ।

ਜੇਕਰ ਆਟੇ ਦੀਆਂ ਕੀਮਤਾਂ ਨੂੰ ਜਲਦੀ ਕਾਬੂ ਨਾ ਕੀਤਾ ਗਿਆ ਤਾਂ ਹੋਰ ਚੀਜ਼ਾਂ ਵੀ ਮਹਿੰਗੀਆਂ ਹੋ ਸਕਦੀਆਂ ਹਨ।