ਨਵਜੋਤ ਸਿੰਘ ਸਿੱਧੂ ਲਗਭਗ ਡੇਢ ਦਹਾਕੇ ਬਾਅਦ ਮੁੜ ਕ੍ਰਿਕਟ ਵਿੱਚ ਸਰਗਰਮ ਹੋ ਗਏ ਹਨ।



ਇਸ ਵਾਰ ਉਹ ਆਈਪੀਐਲ ਵਿੱਚ ਕੁਮੈਂਟਰੀ ਕਰ ਰਹੇ ਹਨ। ਇਸ ਦੇ ਨਾਲ ਹੀ ਸਿੱਧੂ ਸਾਫ ਕਹੀ ਚੁੱਕੇ ਹਨ ਕਿ ਉਹ ਇਸ ਵਾਰ ਚੋਣ ਨਹੀਂ ਲੜਣਗੇ।



ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਪੰਜਾਬ ਦੀ ਸੇਵਾ ਕਰਨਾ ਹੈ। ਇਸ ਲਈ ਉਹ ਪਾਰਲੀਮੈਂਟ ਵਿੱਚ ਨਹੀਂ ਜਾਣਾ ਚਾਹੁੰਦੇ।



ਕ੍ਰਿਕਟਰ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ.ਨਵਜੋਤ ਦੀ ਕੈਂਸਰ ਨਾਲ ਜੰਗ ਜਾਰੀ ਹੈ।



ਨਵਜੋਤ ਕੌਰ ਸਿੱਧੂ ਦਾ ਦੂਜਾ ਆਪਰੇਸ਼ਨ ਯਮੁਨਾਨਗਰ ਦੇ ਡਾ: ਵਰਿਆਮ ਸਿੰਘ ਹਸਪਤਾਲ ‘ਚ ਹੋਇਆ। ਇਹ ਜਾਣਕਾਰੀ ਖੁਦ ਨਵਜੋਤ ਸਿੰਘ ਸਿੱਧੂ ਨੇ ਸਾਂਝੀ ਕੀਤੀ ਹੈ।



ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇਸ ਨਾਲ ਜੁੜੀ ਇੱਕ ਪੋਸਟ ਪਾਈ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਅੱਜ ਉਨ੍ਹਾਂ ਦੀ ਪਤਨੀ ਦਾ ਛਾਤੀ ਦੇ ਕੈਂਸਰ ਨਾਲ ਸਬੰਧਤ ਦੂਜਾ ਅਪਰੇਸ਼ਨ ਹੋਵੇਗਾ।



ਇਸ ਦੇ ਨਾਲ ਹੀ ਉਨ੍ਹਾਂ ਦੇ ਚਾਹੁਣ ਵਾਲੀਆਂ ਨੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਅਰਦਾਸ ਕੀਤੀ ਹੈ। ਇਸ ਤੋਂ ਪਹਿਲਾਂ ਚਰਚਾ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਪਤਨੀ ਪਟਿਆਲਾ ਤੋਂ ਚੋਣ ਲੜਣਗੇ।



ਕਰੀਬ ਦੋ ਮਹੀਨੇ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਸੀ ਕਿ ਉਹ ਚੋਣ ਨਹੀਂ ਲੜਨਗੇ।



ਸਿੱਧੂ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਲਿਖਿਆ ਕਿ ਅਜਿਹੀਆਂ ਅਟਕਲਾਂ ‘ਤੇ ਰੋਕ ਲੱਗਣੀ ਚਾਹੀਦੀ ਹੈ।



ਪਤਨੀ (ਡਾ. ਨਵਜੋਤ ਕੌਰ) ਦਾ ਅਜੇ ਕੈਂਸਰ ਦਾ ਇਲਾਜ ਚੱਲ ਰਿਹਾ ਹੈ, ਜੋ ਕੁਝ ਮਹੀਨੇ ਚੱਲੇਗਾ। ਇਨ੍ਹਾਂ ਹਾਲਾਤਾਂ ਵਿੱਚ ਸਿਰਫ ਉਨ੍ਹਾਂ ਦੀ ਸਿਹਤ ਅਤੇ ਰਿਕਵਰੀ ‘ਤੇ ਧਿਆਨ ਦਿੱਤਾ ਜਾਵੇਗਾ।