ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਨੂੰ ਲੈ ਕੇ ਤਸਵੀਰ ਸਾਫ਼ ਹੁੰਦੀ ਜਾ ਰਹੀ ਹੈ। ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ।
ਬ੍ਰਿਟਿਸ਼ ਮੀਡੀਆ ਮੁਤਾਬਕ ਸੁਨਕ ਦੇ ਨਾਂ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ। ਉਨ੍ਹਾਂ ਦੇ ਸਮਰਥਨ 'ਚ 150 ਤੋਂ ਵੱਧ ਸੰਸਦ ਮੈਂਬਰ ਹਨ।
ਸੁਨਕ 28 ਅਕਤੂਬਰ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਇਸ ਤੋਂ ਬਾਅਦ 29 ਅਕਤੂਬਰ ਨੂੰ ਮੰਤਰੀ ਮੰਡਲ ਦਾ ਗਠਨ ਕੀਤਾ ਜਾ ਸਕਦਾ ਹੈ।
ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ਬਰਤਾਨਵੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਾਅਵੇ ਨੂੰ ਖਾਰਜ ਕੀਤੇ ਜਾਣ ਤੋਂ ਬਾਅਦ ਭਾਰਤੀ ਮੂਲ ਦੇ ਨੇਤਾ ਰਿਸ਼ੀ ਸੁਨਕ ਦੇ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ 'ਤੇ ਕਾਬਜ਼ ਹੋਣ ਦੀਆਂ ਸੰਭਾਵਨਾਵਾਂ ਮਜ਼ਬੂਤ ਹੋ ਗਈਆਂ ਹਨ।
ਸਾਬਕਾ ਪ੍ਰਧਾਨ ਮੰਤਰੀ ਨੇ ਐਤਵਾਰ ਰਾਤ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਤੋਂ ਆਪਣੇ ਆਪ ਨੂੰ ਵਾਪਸ ਲੈ ਲਿਆ, ਇਹ ਕਹਿੰਦੇ ਹੋਏ ਕਿ ਇਹ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਵਾਪਸ ਆਉਣ ਦਾ ਸਹੀ ਸਮਾਂ ਨਹੀਂ ਹੈ।
ਸਾਬਕਾ ਮੰਤਰੀਆਂ ਪ੍ਰੀਤੀ ਪਟੇਲ, ਜੇਮਸ ਕਲੀਵਰਲੀ ਅਤੇ ਨਦੀਮ ਜਹਾਵੀ ਨੇ ਵੀ ਰਿਸ਼ੀ ਸੁਨਕ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਆਪਣੀ ਉਮੀਦਵਾਰੀ ਦਾ ਐਲਾਨ ਕਰਦਿਆਂ 42 ਸਾਲਾ ਸਾਬਕਾ ਚਾਂਸਲਰ ਨੇ ਕਿਹਾ ਸੀ ਕਿ ਉਹ ਦੇਸ਼ ਦੀ ਆਰਥਿਕਤਾ ਨੂੰ ਠੀਕ ਕਰਨਾ, ਆਪਣੀ ਪਾਰਟੀ ਨੂੰ ਇਕਜੁੱਟ ਕਰਨਾ ਅਤੇ ਦੇਸ਼ ਲਈ ਕੰਮ ਕਰਨਾ ਚਾਹੁੰਦੇ ਹਨ।
ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਇੱਕੋ-ਇੱਕ ਪ੍ਰਤੀਯੋਗੀ ਬ੍ਰਿਟਿਸ਼ ਸੰਸਦ ਦੇ ਹੇਠਲੇ ਸਦਨ ਹਾਊਸ ਆਫ਼ ਕਾਮਨਜ਼ ਦੀ ਆਗੂ ਪੈਨੀ ਮੋਰਡੋਂਟ ਹੈ।
ਬ੍ਰਿਟਿਸ਼ ਮੀਡੀਆ ਮੁਤਾਬਕ ਮੋਰਡੋਂਟ ਨੂੰ ਸਿਰਫ 25 ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਹੈ
ਰਿਸ਼ੀ ਸੁਨਕ ਪਿਛਲੇ ਮਹੀਨੇ ਹੋਈ ਪਾਰਟੀ ਲੀਡਰਸ਼ਿਪ ਚੋਣ ਵਿੱਚ ਸਾਬਕਾ ਪ੍ਰਧਾਨ ਮੰਤਰੀ ਲਿਜ਼ ਟਰਸ ਤੋਂ ਹਾਰ ਗਏ ਸਨ।