Satinder Satti: ਸਤਿੰਦਰ ਸੱਤੀ ਟੈਲੀਵਿਜ਼ਨ ਇੰਡਸਟਰੀ ‘ਚ ਵੱਡਾ ਨਾਮ ਸਥਾਪਤ ਕਰ ਚੁੱਕੀ ਹੈ। ਦੁਨੀਆਂ ਭਰ ਦੀਆਂ ਵੱਡੀਆਂ ਸਟੇਜਾਂ ‘ਤੇ ਸੱਤੀ ਦੀ ਸ਼ਾਇਰੀ ਤੇ ਗਹਿਰੇ ਲਫਜ਼ਾਂ ਦੀ ਗੂੰਜ ਪੈਂਦੀ ਹੈ।

ਅੱਜ ਕੱਲ੍ਹ ਸੱਤੀ ਦੀਆਂ ਸੋਸ਼ਲ ਮੀਡੀਆ ‘ਤੇ ਪ੍ਰੇਰਨਾਦਾਇਕ ਪੋਸਟਾਂ ਅਕਸਰ ਚਰਚਾ ਵਿੱਚ ਰਹਿੰਦੀਆਂ ਹਨ ਪਰ ਹੁਣ ਇੱਕ ਵਾਰ ਫਿਰ ਸਤਿੰਦਰ ਸੱਤੀ ਨੇ ਪੰਜਾਬੀ ਇੰਡਸਟਰੀ ਦਾ ਉਦੋਂ ਮਾਣ ਵਧਾਇਆ,

ਜਦੋਂ ਉਨ੍ਹਾਂ ਨੇ ਕੈਨੇਡਾ ਦੇ ਅਲਬਰਟਾ ’ਚ ਬੈਰਿਸਟਰ ਸਾਲਿਸਟਰ ਯਾਨੀ ਕੈਨੇਡੀਅਨ ਵਕੀਲ ਦਾ ਲਾਇਸੈਂਸ ਹਾਸਲ ਕੀਤਾ।



ਐਲਬਰਟਾ ‘ਚ ਸਹੁੰ ਚੁੱਕ ਸਮਾਗਮ ਦੌਰਾਨ ਉਨ੍ਹਾਂ ਨੂੰ ਵਕੀਲ ਦੀ ਸਹੁੰ ਚੁਕਾਈ ਗਈ। ਸਤਿੰਦਰ ਸੱਤੀ ਨੇ ਦੱਸਿਆ ਕਿ ਲੋਕ ਉਸ ਨੂੰ ਪੰਜਾਬੀ ਕਲਾਕਾਰ ਤੇ ਸਟੇਜ ਕਲਾਕਾਰ ਦੇ ਰੂਪ ’ਚ ਜਾਣਦੇ ਹੋਣਗੇ ਪਰ ਜ਼ਿਆਦਾਤਰ ਲੋਕ ਨਹੀਂ ਜਾਣਦੇ ਕਿ ਉਸ ਨੇ ਵਕਾਲਤ (ਮਾਸਟਰਸ ਆਫ ਲਾਅ) ਕੀਤੀ ਹੋਈ ਹੈ।



ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ਦੇ ਡੇਢ-ਪੌਣੇ ਸਾਲ ਦੇ ਸਮੇਂ ਦੌਰਾਨ ਜਦੋਂ ਬਾਕੀ ਲੋਕਾਂ ਵਾਂਗ ਉਹ ਵੀ ਕੈਨੇਡਾ ’ਚ ਸਟੱਕ ਹੋ ਗਈ ਸੀ ਤਾਂ ਇਸ ਸਮੇਂ ਦੀ ਸਹੀ ਵਰਤੋਂ ਕਰਨ ਲਈ ਉਸ ਨੇ ਆਪਣੀ ਲਾਅ ਦੀ ਡਿਗਰੀ ਨੂੰ ਅਪਗ੍ਰੇਡ ਕਰਨ ਦਾ ਫ਼ੈਸਲਾ ਕੀਤਾ।



ਇਸ ਦੌਰਾਨ ਬੈਰਿਸਟਰ ਸਾਲਿਸਟਰ ਗੁਲਵਿਰਕ ਮੈਡਮ, ਜਿੰਨਾ ਨੇ ਸੱਤੀ ਨੂੰ ਪੜ੍ਹਾਇਆ, ਉਨ੍ਹਾਂ ਨੇ ਦੱਸਿਆ ਕਿ ਸਤਿੰਦਰ ਬਹੁਤ ਹੀ ਮਿਹਨਤੀ ਕੁੜੀ ਹੈ। ਬੈਰਿਸਟਰ ਸਾਲਿਸਟਰ ਬਣ ਕੇ ਉਸ ਨੇ ਕੁੜੀਆਂ ਲਈ ਮਿਸਾਲ ਕਾਇਮ ਕੀਤੀ ਹੈ। ਕੈਲਗਰੀ ਤੋਂ ਵਕੀਲ ਗੁਰਪ੍ਰੀਤ ਔਲਖ ਨੇ ਉਨਾਂ ਨੂੰ ਲਾਅ ਦੀਆਂ ਬਾਰੀਕੀਆਂ ਬਾਰੇ ਦੱਸਿਆ।

ਸੱਤੀ ਮੁਤਾਬਕ ਜਸਵੰਤ ਮਾਂਗਟ ਹੀ ਸਨ, ਜਿਨ੍ਹਾਂ ਨੇ ਮੈਨੂੰ ਕੋਰੋਨਾ ਦੌਰਾਨ ਲਾਅ ਕਰਨ ਦੀ ਪ੍ਰੇਰਨਾ ਦਿੱਤੀ।



ਪੰਜਾਬੀ ਇੰਡਸਟਰੀ ਦੇ ਇਤਿਹਾਸ ’ਚ ਪਹਿਲੀ ਵਾਰ ਹੈ ਜਦੋਂ ਕਿਸੇ ਕਲਾਕਾਰ ਨੇ ਇੰਨੇ ਲੰਬੇ ਪ੍ਰੋਫੈਸ਼ਨਲ ਕਲਾਕਾਰ ਦੇ ਕਰੀਅਰ ਤੋਂ ਬਾਅਦ ਕੋਈ ਪ੍ਰੋਫੈਸ਼ਨਲ ਡਿਗਰੀ ਹਾਸਲ ਕੀਤੀ ਹੋਵੇ।

ਇਹ ਪੰਜਾਬੀ ਇੰਡਸਟਰੀ ਲਈ ਮਾਣ ਵਾਲੀ ਗੱਲ ਹੈ, ਉਥੇ ਹੀ ਸਾਰਿਆਂ ਲਈ ਪ੍ਰੇਰਨਾਦਾਇਕ ਵੀ ਹੈ।