ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀ ਹੈ। ਉਸ ਦੀਆਂ ਲਗਾਤਾਰ ਦੋ ਫਿਲਮਾਂ ਬੈਕ ਟੂ ਬੈਟ ਸੁਪਰਹਿੱਟ ਰਹੀਆਂ ਹਨ। 'ਕੈਰੀ ਆਨ ਜੱਟਾ 3' 100 ਕਰੋੜ ਦੀ ਕਮਾਈ ਤੋਂ ਪਾਰ ਹੋ ਚੁੱਕੀ ਹੈ।



ਇਸ ਦੇ ਨਾਲ ਨਾਲ 'ਗੋਡੇ ਗੋਡੇ ਚਾਅ' ਨੇ ਵੀ ਜ਼ਬਰਦਸਤ ਕਮਾਈ ਕੀਤੀ ਸੀ। ਇਨ੍ਹਾਂ ਫਿਲਮਾਂ ਦੀ ਕਾਮਯਾਬੀ ਨੇ ਸੋਨਮ ਨੂੰ ਪੰਜਾਬੀ ਸਿਨੇਮਾ ਦੀ ਟੌਪ ਕਲਾਸ ਅਭਿਨੇਤਰੀ ਬਣਾ ਦਿੱਤਾ ਹੈ।



ਪਰ ਇਹ ਵੀ ਸੱਚ ਹੈ ਕਿ ਸੋਨਮ ਨਾਲ ਉਸ ਦੇ ਸਾਂਵਲੇ ਰੰਗ ਕਰਕੇ ਕਾਫੀ ਵਿਤਕਰਾ ਕੀਤਾ ਗਿਆ ਹੈ। ਸੋਨਮ ਨੇ ਕਈ ਇੰਟਰਵਿਊਜ਼ ਵਿੱਚ ਆਪਣੇ ਦਿਲ ਦੇ ਇਸ ਦਰਦ ਨੂੰ ਬਿਆਨ ਕੀਤਾ ਹੈ।



ਸੋਨਮ ਨੇ ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਜਦੋਂ ਉਹ ਏਅਰ ਹੋਸਟਸ ਸੀ ਤਾਂ ਉਸ ਦੌਰਾਨ ਵੀ ਉਸ ਨਾਲ ਵਿਤਕਰਾ ਹੋਇਆ ਸੀ।



ਸੋਨਮ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।



ਸੋਨਮ ਕਹਿੰਦੀ ਹੈ, ''ਏਅਰ ਹੋਸਟਸ ਨੂੰ ਹਮੇਸ਼ਾ ਜੱਜ ਕੀਤਾ ਜਾਂਦਾ ਹੈ। ਇੱਕ ਕੁੜੀ ਦੀ ਇੰਨੀਂ ਹਾਈਟ ਹੋਣੀ ਚਾਹੀਦੀ ਹੈ, ਤੁਹਾਡੀ ਬੌਡੀ ਅਜਿਹੀ ਹੋਣੀ ਚਾਹੀਦੀ ਹੈ। ਫਿੱਟਨੈਸ ਅਲੱਗ ਚੀਜ਼ ਹੈ।



ਸੋਨਮ ਅੱਗੇ ਕਹਿੰਦੀ ਹੈ, ਮੈਡੀਕਲ ਕਾਰਨਾਂ ਕਰਕੇ ਇਹ ਬਿਲਕੁਲ ਵੱਖਰੀ ਚੀਜ਼ ਹੈ, ਪਰ ਮੈਨੂੰ ਲੱਗਦਾ ਹੈ ਕਿ ਏਅਰ ਹੋਸਟਸ ਦੇ ਕਿੱਤੇ 'ਚ ਅਜਿਹੀ ਸੋਚ ਨਹੀਂ ਹੋਣੀ ਚਾਹੀਦੀ।



ਕੀ ਸਿਰਫ ਖੂਬਸੂਰਤ ਲੜਕੀ ਹੀ ਫਲਾਈਟ 'ਚ ਤੁਹਾਨੂੰ ਖਾਣਾ ਪਰੋਸ ਸਕਦੀ ਹੈ? ਮੈਨੂੰ ਲੱਗਦਾ ਹੈ ਕਿ ਇਹ ਨਹੀਂ ਹੋਣਾ ਚਾਹੀਦਾ। ਲੋਕ ਅਕਸਰ ਸੋਚਦੇ ਹਨ ਕਿ ਜੇ ਲੜਕੀ ਗੋਰੀ ਚਿੱਟੀ ਹੈ ਤੇ ਪਤਲੀ ਹੈ ਤੇ ਉਹੀ ਏਅਰ ਹੋਸਟਸ ਬਣ ਸਕਦੀ ਹੈ।



ਤੁਹਾਡੀ ਹਾਈਟ ਦਾ ਇਸ ਨਾਲ ਕੀ ਲੈਣ ਦੇਣ ਹੈ। ਤੁਸੀਂ ਸਵਾਰੀ ਨੂੰ ਖਾਣਾ ਕਿਵੇਂ ਪਰੋਸਣਾ ਹੈ ਇਸ ਨਾਲ ਹਾਈਟ ਦਾ ਕੀ ਲੈਣ ਦੇਣ?



ਏਅਰ ਹੋਸਟਸ ਅੰਦਰ ਇਹ ਸਮਝਦਾਰੀ ਜ਼ਰੂਰੀ ਹੈ ਕਿ ਉਹ ਐਮਰਜੈਂਸੀ ਦੇ ਸਮੇਂ 'ਚ ਸਵਾਰੀਆਂ ਨੂੰ ਕਿਵੇਂ ਬਾਹਰ ਕੱਢਦੀ ਹੈ, ਮੈਨੂੰ ਨਹੀਂ ਲੱਗਦਾ ਕਿ ਇਸ ਨਾਲ ਖੂਬਸੂਰਤੀ ਦਾ ਕੋਈ ਲੈਣ ਦੇਣ ਹੋਣਾ ਚਾਹੀਦਾ ਹੈ।''