Vikramjit Singh pics : ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਹੋਏ ਭਾਰਤ ਤੇ ਨੀਦਰਲੈਂਡ ਮੈਚ ਵਿੱਚ ਕੱਲ੍ਹ ਇੱਕ ਖਾਸੀਅਤ ਸੀ। ਇਸ ਮੈਚ ਵਿੱਚ ਦੋਨਾਂ ਟੀਮਾਂ ਦੇ ਖੇਡਣ ਵਾਲੇ 22 ਖਿਡਾਰੀਆਂ ਵਿੱਚੋਂ 12 ਖਿਡਾਰੀ ਭਾਰਤੀ ਸੀ। ਇਹ ਗੱਲ ਸੁਣ ਕੇ ਤੁਹਾਨੂੰ ਹੈਰਾਨੀ ਤਾਂ ਜ਼ਰੂਰ ਹੋਏਗੀ ਪਰ ਜਾਣਦੇ ਹਾਂ ਕਿ ਆਖਰ ਏਦਾਂ ਕਿਉਂ ਹੋ ਰਿਹਾ ਹੈ। ਦਰਅਸਲ ਇਸ ਮੈਚ ਵਿੱਚ ਇੱਕ ਪਾਸੇ ਜਿੱਥੇ ਭਾਰਤ ਦੀ ਟੀਮ ਵਿੱਚ ਗਿਆਰਾਂ ਖਿਡਾਰੀ ਮੈਦਾਨ ਵਿੱਚ ਉਤਰਨਗੇ। ਉਧਰ ਦੂਸਰੇ ਪਾਸੇ ਨੀਦਰਲੈਂਡ ਦੇ ਗਿਆਰਾਂ ਖਿਡਾਰੀਆਂ ਵਿੱਚੋਂ ਇੱਕ ਖਿਡਾਰੀ ਪੰਜਾਬ ਦੇ ਜਲੰਧਰ ਸ਼ਹਿਰ ਦੇ ਇੱਕ ਛੋਟੇ ਜਿਹੇ ਪਿੰਡ ਚੀਮਾ ਖੁਰਦ ਦਾ ਰਹਿਣ ਵਾਲਾ ਹੈ। ਵਿਕਰਮਜੀਤ ਸਿੰਘ ਨਾਮ ਦਾ ਇਹ ਖਿਡਾਰੀ ਜੋ ਜੰਮਿਆ ਪਲਿਆ ਜਲੰਧਰ ਦੇ ਪਿੰਡ ਚੀਮਾ ਖੁਰਦ ਦਾ ਹੈ ਪਰ ਕ੍ਰਿਕਟ ਵਿੱਚ ਉਹ ਅੱਜ ਨੀਦਰਲੈਂਡ ਦੀ ਟੀਮ ਵੱਲੋਂ ਬੱਲੇਬਾਜ਼ੀ ਕਰਦਾ ਹੈ। ਵਿਕਰਮਜੀਤ ਸਿੰਘ ਜਲੰਧਰ ਦੇ ਨੂਰਮਹਿਲ ਦੇ ਨੇੜਲੇ ਪਿੰਡ ਚੀਮਾ ਖੁਰਦ ਦਾ ਜੰਮਪਲ ਹੈ। 2003 ਵਿੱਚ ਪੈਦਾ ਹੋਏ ਵਿਕਰਮਜੀਤ ਨੇ ਮੁੱਢਲੀ ਸਿੱਖਿਆ ਜਲੰਧਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚੋਂ ਪ੍ਰਾਪਤ ਕੀਤੀ। 2008 ਵਿੱਚ ਵਿਕਰਮ ਪੰਜ ਸਾਲ ਦੀ ਉਮਰ ਵਿੱਚ ਪਰਿਵਾਰ ਸਮੇਤ ਹੌਲੈਂਡ ਚਲਾ ਗਿਆ। ਜਿੱਥੇ ਉਸ ਨੇ ਸਕੂਲ ਟਾਈਮ ਵਿੱਚ ਖੇਡਣਾ ਸ਼ੁਰੂ ਕੀਤਾ। ਉਸ ਤੋਂ ਬਾਅਦ 2016 ਤੋਂ 2018 ਤੱਕ ਵਿਕਰਮਜੀਤ ਨੇ ਚੰਡੀਗੜ੍ਹ ਦੀ ਗੁਰੂ ਸਾਗਰ ਕ੍ਰਿਕਟ ਅਕੈਡਮੀ ਵਿਖੇ ਕ੍ਰਿਕੇਟ ਸਿੱਖੀ ਤੇ ਬਾਅਦ ਵਿੱਚ ਉਸ ਨੇ ਜਲੰਧਰ ਦੇ ਨੇੜੇ ਬਾਜਰੇ ਪਿੰਡ ਵਿਖੇ ਇੱਕ ਕ੍ਰਿਕੇਟ ਅਕੈਡਮੀ ਵਿੱਚ ਟ੍ਰੇਨਿੰਗ ਲਈ। ਵਿਕਰਮ ਨੂੰ 16 ਸਾਲ ਦੀ ਉਮਰ ਚ ਪਹਿਲੀ ਵਾਰ ਨੀਦਰਲੈਂਡ ਟੀਮ ਚ 2016 ਚ ਸਕੌਟਲੈਂਡ ਖਿਲਾਫ ਖੇਡਣ ਦਾ ਮੌਕਾ ਮਿਲਿਆ। ਇਹ ਉਸ ਦਾ ਪਹਿਲਾ ਵਲਡ ਕੱਪ ਹੈ ਤੇ ਨੀਦਰਲੈਂਡ ਵੱਲੋਂ ਸਲਾਮੀ ਜੋੜੀ ਵਿੱਚ ਖੱਬੇ ਹੱਥ ਦਾ ਖਿਡਾਰੀ ਹੈ। ਵਿਕਰਮਜੀਤ ਸਿੰਘ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਸ ਨੇ ਪਿੰਡ ਦਾ ਮਾਣ ਵਧਾਇਆ ਹੈ ਤੇ ਉਨ੍ਹਾਂ ਨੂੰ ਉਸ ਤੇ ਪੂਰਾ ਮਾਣ ਹੈ। ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੇ ਮਾਤਾ-ਪਿਤਾ ਸਮੇਤ ਉਸ ਦੇ ਚਾਚੇ ਤਾਏ ਸਭ ਵਿਦੇਸ਼ਾਂ ਵਿੱਚ ਰਹਿੰਦੇ ਹਨ। ਉਹ ਕਦੀ ਕਦੀ ਆਪਣੇ ਪਿੰਡ ਵੀ ਆਉਂਦੇ ਜਾਂਦੇ ਰਹਿੰਦੇ ਹਨ। ਵਿਕਰਮਜੀਤ ਸਿੰਘ ਦੇ ਚਚੇਰੇ ਭਰਾ ਤੇ ਦਾਦੇ ਦੇ ਮੁਤਾਬਕ ਉਨ੍ਹਾਂ ਨੂੰ ਪੂਰਾ ਮਾਣ ਹੈ ਕਿ ਵਿਕਰਮਜੀਤ ਸਿੰਘ ਇਨ੍ਹਾਂ ਮੁਕਾਬਲਿਆਂ ਵਿੱਚ ਲੋਕ ਹਿੱਸਾ ਲੈ ਰਿਹਾ ਹੈ ਤੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰ ਰਿਹਾ ਹੈ।