Gurjant Singh Wedding: ਭਾਰਤੀ ਹਾਕੀ ਖਿਡਾਰੀ ਗੁਰਜੰਟ ਸਿੰਘ ਭਾਰਤੀ ਮਹਿਲਾ ਟੈਨਿਸ ਪਲੇਅਰ ਕਰਮਨ ਕੌਰ ਥਾਂਦੀ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਦੋਵਾਂ ਜੇ ਵਿਆਹ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਾਣਕਾਰੀ ਮੁਤਾਬਕ ਦੋਵੇੇਂ ਗੁਰੂਘਰ ਵਿੱਚ ਅੱਜ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਗੁਰਜੰਟ ਸਿੰਘ ਭਾਰਤੀ ਹਾਕੀ ਟੀਮ ਦੇ ਮਸ਼ਹੂਰ ਖਿਡਾਰੀ ਹਨ ਤੇ ਓਲੰਪਿਕ ਖੇਡਾਂ 'ਚ ਤਮਗਾ ਜੇਤੂ ਭਾਰਤੀ ਹਾਕੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਕਰਮਨ ਕੌਰ ਦੀ ਗੱਲ ਕਰਿਏ ਤਾਂ ਉਹ ਭਾਰਤ ਦੇ ਲਾਅਨ ਟੈਨਿਸ ਦੀ ਉੱਭਰਦੀ ਹੋਈ ਖਿਡਾਰਨ ਹੈ ਤੇ 8 ਸਾਲ ਦੀ ਉਮਰ ਤੋਂ ਟੈਨਿਸ ਖੇਡ ਰਹੀ ਹੈ। ਗੁਰਜੰਟ ਸਿੰਘ ਅਤੇ ਕਰਮਨ ਕੌਰ ਥਾਂਦੀ ਦੇ ਵਿਆਹ ਸਮਾਗਮ 'ਚ ਉੱਘੀਆਂ ਖੇਡ ਹਸਤੀਆਂ ਸ਼ਾਮਲ ਹੋਈਆਂ। ਇਸ ਦੌਰਾਨ ਉਨ੍ਹਾਂ ਨੇ ਇਸ ਜੋੜੀ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ 'ਤੇ ਵਧਾਈਆਂ ਦਿੱਤੀਆਂ। ਸਾਰੀ ਭਾਰਤੀ ਹਾਕੀ ਟੀਮ ਨੇ ਦੋਵਾਂ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਹਨ। ਇਸ ਮੌਕੇ ਭਾਰਤੀ ਹਾਕੀ ਖਿਡਾਰੀ ਮਨਪ੍ਰੀਤ ਸਿੰਘ, ਕਪਤਾਨ ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਵਰੁਣ ਕੁਮਾਰ, ਹਾਰਦਿਕ ਸਿੰਘ ਤੇ ਭਾਰਤੀ ਹਾਕੀ ਕੋਚ ਨੇ ਬੈਂਗਲੋਰ ਤੋਂ ਆ ਕੇ ਵਿਆਹ ਸਮਾਗਮ 'ਚ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਹਰਭਜਨ ਸਿੰਘ (ਗੋਲਫਰ), ਹਰਦੇਵ ਸਿੰਘ (ਆਸਟ੍ਰੇਲੀਆ), ਅਮਰੀਕ ਸਿੰਘ ਪੁਆਰ, ਸਾਬਕਾ ਹਾਕੀ ਕੋਚ ਸੁਖਬੀਰ ਸਿੰਘ, ਐੱਸ.ਐੱ.ਪੀ. ਹਰਿੰਦਰ ਸਿੰਘ ਤੇ ਡਾ.ਮੁਕੇਸ਼ ਜੋਸ਼ੀ ਹਾਜ਼ਰ ਸਨ।