ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਸੂਬਾ ਵਾਸੀਆਂ ਲਈ ਇੱਕ ਤੋਂ ਬਾਅਦ ਇੱਕ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ।



ਆਮ ਲੋਕਾਂ ਦੇ ਘਰ ਦੇ ਨੇੜੇ ਇਲਾਜ ਦੀ ਸਹੂਲਤ ਲਈ ਮੁਹੱਲਾ ਕਲੀਨਿਕ ਖੋਲ੍ਹਣ ਤੋਂ ਬਾਅਦ ਪੰਜਾਬ ਸਰਕਾਰ ਹੁਣ ਆਮ ਲੋਕਾਂ ਲਈ ਜਨਮ ਤੇ ਮੌਤ ਦੇ ਸਰਟੀਫਿਕੇਟ ਬਣਵਾਉਣ ਦੀ ਪ੍ਰਕਿਰਿਆ ਵੀ ਸੁਖਾਲੀ ਕਰਨ ਜਾ ਰਹੀ ਹੈ।



ਇਸ ਕੰਮ ਲਈ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਧੱਕੇ ਨਾ ਖਾਣੇ ਪੈਣੇ ਇਸ ਲਈ ਇੱਕ ਐਪ ਤਿਆਰ ਕੀਤੀ ਜਾ ਰਹੀ ਹੈ।



ਪੰਜਾਬ ਸਰਕਾਰ ਨੇ ਆਪਣੇ ਸਬੰਧਤ ਵਿਭਾਗਾਂ ਨੂੰ ਇਕ ਅਜਿਹਾ ਐਪ ਤਿਆਰ ਕਰਨ ਲਈ ਕਿਹਾ ਹੈ ਜਿਹੜਾ ਹਰੇਕ ਹਸਪਤਾਲ, ਨਰਸਿੰਗ ਹੋਮ ਤੇ ਸ਼ਮਸ਼ਾਨਘਾਟ ਨਾਲ ਜੁੜਿਆ ਹੋਵੇਗਾ।



ਹਰ ਹਸਪਤਾਲ ਤੇ ਸ਼ਮਸ਼ਾਨ ਘਾਟ ਦਾ ਡਾਟਾ ਇਸ ’ਤੇ ਅਪਲੋਡ ਹੋਵੇਗਾ।



ਜਿਸ ਹਸਪਤਾਲ, ਨਰਸਿੰਗ ਹੋਮ ਜਾਂ ਜੱਚਾ-ਬੱਚਾ ਕੇਂਦਰ ’ਚ ਜਦੋਂ ਕਿਸੇ ਬੱਚੇ ਦਾ ਜਨਮ ਹੋਵੇਗਾ ਤਾਂ ਉਸ ਦਾ ਸਾਰਾ ਡਾਟਾ ਮੋਬਾਈਲ ਐਪ ’ਤੇ ਅਪਲੋਡ ਕਰਨਾ ਜ਼ਰੂਰੀ ਹੋਵੇਗਾ।



ਫਿਲਹਾਲ ਜਨਮ ਤੇ ਮੌਤ ਸਰਟੀਫਿਕੇਟ ਲੈਣ ਦੀ ਕਾਰਵਾਈ ਲੰਬੀ ਤੇ ਪੇਚੀਦਾ ਹੈ।



ਜਨਮ ਸਰਟੀਫਿਕੇਟ ਲਈ ਹਸਪਤਾਲ ਤੇ ਮੌਤ ਦੇ ਸਰਟੀਫਿਕੇਟ ਲਈ ਸ਼ਮਸ਼ਾਨਘਾਟ ਵੱਲੋਂ ਦਿੱਤੀ ਜਾਣ ਵਾਲੀ ਪਰਚੀ ਸਬੰਧਤ ਵਿਭਾਗ ’ਚ ਜਮ੍ਹਾਂ ਕਰਵਾ ਕੇ ਹੋਰ ਕਾਗਜ਼ੀ ਕਾਰਵਾਈ ਪੂਰੀ ਕਰਨੀ ਪੈਂਦੀ ਹੈ।



ਇਸ ਕਾਰਵਾਈ ਲਈ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣ ਪੈਂਦੇ ਹਨ, ਜਿਸ ’ਚ ਲੰਬਾ ਸਮਾਂ ਤੇ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।



ਇਹ ਐਪ ਜਲਦ ਹੀ ਲਾਂਚ ਕੀਤੀ ਜਾਵੇਗੀ, ਜਿਸ ਨਾਲ ਲੋਕਾਂ ਨੂੰ ਕਾਫੀ ਆਸਾਨੀ ਹੋਵੇਗੀ।