ਦੇਸ਼ 'ਚ ਜਲਦ ਹੀ ਟੋਲ ਵਸੂਲੀ (toll collection) ਦਾ ਤਰੀਕਾ ਬਦਲਣ ਜਾ ਰਿਹਾ ਹੈ। ਕੁਝ ਸਮੇਂ ਬਾਅਦ, ਤੁਹਾਡੇ ਵਾਹਨਾਂ ਤੋਂ ਫਾਸਟੈਗ (Fastag) ਦੀ ਬਜਾਏ ਜੀਪੀਐਸ (GPS) ਰਾਹੀਂ ਟੋਲ ਕੱਟਿਆ ਜਾਵੇਗਾ ਅਤੇ ਵਾਹਨ ਬਿਨਾਂ ਰੁਕੇ ਆਪਣੀ ਪੂਰੀ ਰਫਤਾਰ ਨਾਲ ਸਫ਼ਰ ਕਰ ਸਕਣਗੇ। ਜਦੋਂ 3 ਸਾਲ ਪਹਿਲਾਂ ਦੇਸ਼ ਵਿੱਚ ਫਾਸਟੈਗ ਰਾਹੀਂ ਟੋਲ ਵਸੂਲੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ, ਤਾਂ ਇਸ ਨੂੰ ਗੇਮ ਚੇਂਜਰ ਕਿਹਾ ਗਿਆ ਸੀ। ਹਾਲਾਂਕਿ, ਹੁਣ ਇਸ ਵਿਧੀ ਨੂੰ ਬਦਲਣ ਦਾ ਸਮਾਂ ਆ ਗਿਆ ਹੈ ਕਿਉਂਕਿ ਦੇਸ਼ ਵਿੱਚ ਟੋਲ ਵਸੂਲੀ ਸਿੱਧੇ ਜੀਪੀਐਸ ਰਾਹੀਂ ਕੀਤੀ ਜਾਵੇਗੀ। ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀਨੇ ਲਗਭਗ 3 ਹਫ਼ਤੇ ਪਹਿਲਾਂ ਕਿਹਾ ਸੀ ਕਿ ਦੇਸ਼ ਵਿੱਚ ਜੀਪੀਐਸ ਰਾਹੀਂ ਟੋਲ ਉਗਰਾਹੀ ਮਾਰਚ 2024 ਤੋਂ ਸ਼ੁਰੂ ਹੋ ਸਕਦੀ ਹੈ। ਇਸ ਲੜੀ ਵਿੱਚ, ਅਗਲੇ ਮਹੀਨੇ ਭਾਵ ਫਰਵਰੀ 2024 ਤੋਂ ਦੇਸ਼ ਦੇ ਲਗਭਗ 10 ਰਾਜਮਾਰਗਾਂ 'ਤੇ ਜੀਪੀਐਸ (GPS ) ਅਧਾਰਤ ਟੋਲ ਵਸੂਲੀ ਦੀ ਟੈਸਟਿੰਗ ਸ਼ੁਰੂ ਹੋਣ ਜਾ ਰਹੀ ਹੈ। ਲਾਈਵਮਿੰਟ ਦੀ ਖਬਰ ਮੁਤਾਬਕ ਇਹ ਜਾਣਕਾਰੀ ਮਿਲੀ ਹੈ। ਇਸ ਦਾ ਸਪੱਸ਼ਟ ਮਤਲਬ ਹੈ ਕਿ ਜਲਦੀ ਹੀ ਫਾਸਟੈਗ ਰਾਹੀਂ ਟੋਲ ਉਗਰਾਹੀ ਕਰਨਾ ਬੀਤੇ ਦੀ ਗੱਲ ਬਣ ਜਾਵੇਗੀ ਤੇ ਜੀਪੀਐਸ ਆਧਾਰਿਤ ਟੋਲ ਵਸੂਲੀ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਵੇਗੀ। ਨਵੀਂ ਪ੍ਰਣਾਲੀ ਰਾਹੀਂ ਰੂਟ ਰਾਹੀਂ ਹੀ ਟੋਲ ਵਸੂਲੀ ਕੀਤੀ ਜਾਵੇਗੀ ਅਤੇ ਇਸ ਨਾਲ ਪੱਕੇ ਟੋਲ ਪਲਾਜ਼ਿਆਂ ਦੀ ਲੋੜ ਖ਼ਤਮ ਹੋ ਜਾਵੇਗੀ। ਇਸ ਦੇ ਲਈ, ਹਾਈਵੇਅ ਦੀ ਜੀਓਫੈਂਸਿੰਗ ਕੀਤੀ ਜਾਵੇਗੀ ਜੋ ਗਲੋਬਲ ਪੋਜੀਸ਼ਨਿੰਗ ਸਿਸਟਮ (GPS ) ਜਾਂ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (RFID) ਦੁਆਰਾ ਪੂਰਾ ਕੀਤਾ ਜਾਵੇਗਾ।