ਕੀ ਤੁਸੀਂ ਵੀ ਰਾਤ ਨੂੰ ਬੁਰਸ਼ ਕਰਨਾ ਜ਼ਰੂਰੀ ਨਹੀਂ ਸਮਝਦੇ ਤੇ ਬਿਨਾਂ ਬੁਰਸ਼ ਕੀਤੇ ਹੀ ਸੌਂ ਜਾਂਦੇ ਹੋ? ਜੇਕਰ ਇਸ ਸਵਾਲ ਦਾ ਜਵਾਬ 'ਹਾਂ' ਵਿੱਚ ਹੈ, ਤਾਂ ਤੁਹਾਡੇ ਲਈ ਸੁਚੇਤ ਹੋਣ ਦਾ ਸਮਾਂ ਆ ਗਿਆ ਹੈ।



ਅਸੀਂ ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਰਾਤ ਨੂੰ ਬੁਰਸ਼ ਨਾ ਕਰਨ ਵਾਲਿਆਂ ਬਾਰੇ ਇੱਕ ਅਧਿਐਨ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।



ਅਧਿਐਨ 'ਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਜੋ ਲੋਕ ਰਾਤ ਨੂੰ ਬੁਰਸ਼ ਕਰਕੇ ਨਹੀਂ ਸੌਂਦੇ, ਉਨ੍ਹਾਂ ਨੂੰ ਦਿਲ ਦੀ ਬੀਮਾਰੀ ਦਾ ਖਤਰਾ ਵਧ ਸਕਦਾ ਹੈ।



ਨੇਚਰ ਜਰਨਲ ਦੀ ਸਾਇੰਟਿਫਿਕ ਰਿਪੋਰਟ 'ਚ ਪ੍ਰਕਾਸ਼ਿਤ ਇਸ ਅਧਿਐਨ ਮੁਤਾਬਕ ਰਾਤ ਨੂੰ ਬੁਰਸ਼ ਨਾ ਕਰਨ ਨਾਲ ਦਿਲ ਦੀ ਬੀਮਾਰੀ ਹੋ ਸਕਦੀ ਹੈ।



ਇਸ ਅਧਿਐਨ ਵਿੱਚ 20 ਸਾਲ ਜਾਂ ਇਸ ਤੋਂ ਵੱਧ ਉਮਰ ਦੇ 1675 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।



ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਲੋਕ ਰਾਤ ਨੂੰ ਬੁਰਸ਼ ਨਹੀਂ ਕਰਦੇ, ਉਨ੍ਹਾਂ 'ਚ ਕਾਰਡੀਓਵੈਸਕੁਲਰ ਰੋਗ ਭਾਵ ਦਿਲ ਦੀ ਬੀਮਾਰੀ ਦਾ ਖਤਰਾ ਬਹੁਤ ਜ਼ਿਆਦਾ ਹੁੰਦਾ ਹੈ।



ਇਸ ਅਧਿਐਨ ਦੇ ਨਤੀਜੇ ਦੱਸਦੇ ਹਨ ਕਿ ਰੋਜ਼ਾਨਾ ਬੁਰਸ਼ ਕਰਕੇ ਸੌਣ ਨਾਲ ਪੀਰੀਅਡੋਂਟਲ ਰੋਗ, ਦੰਦਾਂ ਦੇ ਸੜਨ ਤੇ ਮੂੰਹ ਦੀ ਸਫਾਈ ਨਾਲ ਸਬੰਧਤ ਸਮੱਸਿਆਵਾਂ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ।



ਜੇਕਰ ਤੁਸੀਂ ਮੂੰਹ ਦੀ ਸਫਾਈ ਦਾ ਧਿਆਨ ਨਹੀਂ ਰੱਖਦੇ, ਤਾਂ ਇਹ ਵੀ ਸੰਭਵ ਹੈ ਕਿ ਤੁਹਾਨੂੰ ਦਿਲ ਦੀ ਬੀਮਾਰੀ ਦੇ ਨਾਲ-ਨਾਲ ਕਈ ਹੋਰ ਬੀਮਾਰੀਆਂ ਵੀ ਲੱਗ ਸਕਦੀਆਂ ਹਨ।



'ਅਮਰੀਕਨ ਡੈਂਟਲ ਐਸੋਸੀਏਸ਼ਨ' ਫਲੋਰਾਈਡ ਟੂਥਪੇਸਟ ਨਾਲ ਰੋਜ਼ਾਨਾ ਦੋ ਵਾਰ ਬੁਰਸ਼ ਕਰਨ ਦੀ ਸਿਫਾਰਸ਼ ਕਰਦੀ ਹੈ।



ਇਸ ਤੋਂ ਇਲਾਵਾ ਦਿਨ 'ਚ ਘੱਟੋ-ਘੱਟ ਇਕ ਵਾਰ ਫਲਾਸਿੰਗ ਕਰਨ ਨਾਲ ਮੂੰਹ 'ਚ ਜਮ੍ਹਾ ਬੈਕਟੀਰੀਆ ਤੇ ਪਲੇਕ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ।