ਵਡੋਦਰਾ : ਗੁਜਰਾਤ ਦੇ ਵਡੋਦਰਾ ਦੀ ਇੱਕ 24 ਸਾਲਾ ਔਰਤ ਨੇ 11 ਜੂਨ ਨੂੰ ਆਪਣੇ ਤੈਅ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਖ਼ੁਦ ਨਾਲ ਵਿਆਹ ਕਰ ਲਿਆ। ਕਸ਼ਮਾ ਬਿੰਦੂ ਦੇ ਸਵੈ-ਵਿਆਹ ਵਿੱਚ ਹਲਦੀ ਤੋਂ ਮਹਿੰਦੀ ਤੱਕ ਹਿੰਦੂ ਵਿਆਹ ਦੀਆਂ ਰਸਮਾਂ ਸ਼ਾਮਲ ਸਨ।



ਉਸ ਨੇ ਦੱਸਿਆ ਸੀ ਕਿ ਉਹ ਰੂੜ੍ਹੀਵਾਦੀ ਧਾਰਨਾਵਾਂ ਨੂੰ ਤੋੜਨ ਤੇ ਦੂਜਿਆਂ ਨੂੰ ਪ੍ਰੇਰਿਤ ਕਰਨ ਲਈ ਖੁਦ ਨਾਲ ਵਿਆਹ ਕਰ ਰਹੀ ਹੈ, ਜੋ "ਸੱਚਾ ਪਿਆਰ ਪਾ ਕੇ ਥੱਕ ਗਏ ਹਨ।" ਇੰਸਟਾਗ੍ਰਾਮ 'ਤੇ ਬਿੰਦੂ ਨੇ ਆਪਣੀਆਂ ਹਲਦੀ, ਮਹਿੰਦੀ ਦੀਆਂ ਰਸਮਾਂ ਦੀਆਂ ਤਸਵੀਰਾਂ ਦਾ ਇੱਕ ਸਮੂਹ ਸਾਂਝਾ ਕੀਤਾ ਤੇ ਇੱਕ ਦੁਲਹਨ ਦੇ ਰੂਪ ਵਿੱਚ ਆਪਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਉਸ ਨੇ ਆਪਣੀ ਪੋਸਟ 'ਤੇ ਲਿਖਿਆ, ਮੈਨੂੰ ਖ਼ੁਦ ਨਾਲ ਪਿਆਰ ਹੋ ਗਿਆ, ਕੱਲ੍ਹ ਮੈਂ ਆਪਣੀ ਹੀ ਦੁਲਹਨ ਬਣਾਂਗੀ।

ਉਸ ਨੇ 11 ਜੂਨ ਨੂੰ ਵਡੋਦਰਾ ਦੇ ਇੱਕ ਮੰਦਰ ਵਿੱਚ ਆਪਣੇ ਵਿਆਹ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਵਿਆਹ ਨਹੀਂ ਕਰਨਾ ਚਾਹੁੰਦੀ ਪਰ ਪਰੰਪਰਾ ਦਾ ਪਾਲਣ ਕਰਨ ਲਈ ਖੁਦ ਨਾਲ ਵਿਆਹ ਕਰੇਗੀ। ਆਪਣੇ ਗੈਰ-ਰਵਾਇਤੀ ਫੈਸਲੇ ਬਾਰੇ ਵਿਸਤਾਰ ਵਿੱਚ ਬਿੰਦੂ ਨੇ ਪਹਿਲਾਂ ਕਿਹਾ ਸੀ, "ਮੇਰੀ ਜ਼ਿੰਦਗੀ ਵਿੱਚ ਇੱਕ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਇੱਕ ਸੁੰਦਰ ਰਾਜਕੁਮਾਰ ਦੀ ਜ਼ਰੂਰਤ ਨਹੀਂ ਕਿਉਂਕਿ ਮੈਂ ਮੇਰੀ ਰਾਣੀ ਹਾਂ।

ਇਸ ਸਵੈ-ਵਿਆਹ ਬਾਰੇ ਕਸ਼ਮਾ ਦਾ ਕਹਿਣਾ ਹੈ ਕਿ ‘ਮੈਂ ਕਦੇ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਪਰ ਦੁਲਹਨ ਬਣਨਾ ਚਾਹੁੰਦੀ ਸੀ। ਇਸ ਲਈ ਮੈਂ ਆਪਣੇ ਆਪ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ। ਮੈਂ ਸ਼ਾਇਦ ਆਪਣੇ ਦੇਸ਼ ਦੀ ਪਹਿਲੀ ਕੁੜੀ ਹਾਂ, ਜਿਸਨੇ ਸਵੈ-ਪਿਆਰ ਦੀ ਮਿਸਾਲ ਕਾਇਮ ਕੀਤੀ। ਮੈਂ ਦੁਲਹਨ ਵਾਂਗ ਤਿਆਰ ਹੋਵਾਂਗੀ, ਰਸਮਾਂ ਵਿੱਚ ਹਿੱਸਾ ਲਵਾਂਗੀ, ਮੇਰੇ ਦੋਸਤ ਮੇਰੇ ਵਿਆਹ ਵਿੱਚ ਸ਼ਾਮਲ ਹੋਣਗੇ ਅਤੇ ਫਿਰ ਮੈਂ ਲਾੜੇ ਨਾਲ ਜਾਣ ਦੀ ਬਜਾਏ ਆਪਣੇ ਘਰ ਵਾਪਸ ਆਵਾਂਗੀ।

ਇਸ ਅਨੋਖੇ ਵਿਆਹ ਵਿੱਚ ਨਾ ਤਾਂ ਕੋਈ ਲਾੜਾ ਸੀ ਅਤੇ ਨਾ ਹੀ ਪੰਡਿਤ ,ਜਿਸ ਨੇ ਸੱਤ ਫੇਰਿਆਂ ਦੀ ਰਸਮ ਪੂਰੀ ਕਰਵਾਉਣੀ ਸੀ। ਵਿਆਹ ‘ਚ ਕਸ਼ਮਾ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਕਰੀਬੀ ਦੋਸਤ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਦੇਸ਼ ‘ਚ ਇਸ ਤਰ੍ਹਾਂ ਦਾ ਇਹ ਪਹਿਲਾ ਵਿਆਹ ਹੈ। ਹਾਲ ਹੀ ‘ਚ ਕਸ਼ਮਾ ਬਿੰਦੂ ਨੇ ਸਿੰਗਲ ਵਿਆਹ ਕਰਨ ਦਾ ਐਲਾਨ ਕੀਤਾ ਸੀ।  

ਇਸ ਦੌਰਾਨ ਹਲਦੀ, ਮਹਿੰਦੀ ਦੀ ਰਸਮ ਹੋਈ, ਇਕੱਲਿਆਂ ਹੀ ਫੇਰੇ ਲਏ ਅਤੇ ਸ਼ੀਸ਼ੇ ਅੱਗੇ ਖੜ੍ਹ ਕੇ ਸੰਦੂਰ ਵੀ ਭਰਿਆ, ਖੁਦ ਮੰਗਲਸੂਤਰ ਪਾਇਆ। ਕਸ਼ਮਾ ਦੇ ਵਿਆਹ ਵਿੱਚ ਉਸਦੇ ਕੁਝ ਖਾਸ ਦੋਸਤ ਹੀ ਸ਼ਾਮਲ ਹੋਏ ਸਨ। ਵਿਆਹ ਤੋਂ ਬਾਅਦ ਕਸ਼ਮਾ ਨੇ ਹਨੀਮੂਨ ਲਈ ਗੋਆ ਨੂੰ ਚੁਣਿਆ ਹੈ, ਜਿੱਥੇ ਉਹ ਦੋ ਹਫਤੇ ਰੁਕੇਗੀ। ਜਿਵੇਂ ਹੀ ਕਸ਼ਮਾ ਨੇ ਆਪਣੇ ਵਿਆਹ ਦਾ ਐਲਾਨ ਕੀਤਾ, ਵਿਰੋਧ ਸ਼ੁਰੂ ਹੋ ਗਿਆ। ਭਾਵੇਂ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਬਹੁਤੀ ਨਹੀਂ ਸੀ ਪਰ ਵਿਆਹ ਵਾਲੇ ਦਿਨ ਕਿਸੇ ਹੰਗਾਮੇ ਡਰੋਂ ਕਸ਼ਮਾ ਨੇ 11 ਜੂਨ ਦੀ ਬਜਾਏ 8 ਜੂਨ ਨੂੰ ਵਿਆਹ ਕਰਵਾ ਲਿਆ।