ਨਵੀਂ ਦਿੱਲੀ: ਮੋਬਾਈਲ ਫੋਨ ਨੇ ਸਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਸ਼ਾਇਦ ਹੀ ਕਿਸੇ ਨੇ ਕਦੇ ਇਹ ਸੋਚਿਆ ਹੋਏਗਾ ਕਿ ਮੋਬਾਈਲ ਫੋਨ ਦਾ ਸਾਡੇ ਉੱਤੇ ਇੰਨਾ ਜ਼ਿਆਦਾ ਪ੍ਰਭਾਵ ਹੋਵੇਗਾ। ਮੋਬਾਈਲ ਦਾ ਸਰੀਰ ਤੇ ਦਿਮਾਗ ਦੋਨਾਂ 'ਤੇ ਹੀ ਗਹਿਰਾ ਅਸਰ ਪੈਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਮੋਬਾਈਲ ਦਾ ਵਧੇਰੇ ਇਸਤਮਾਲ ਤੁਹਾਨੂੰ ਪਾਗਲ ਵੀ ਕਰ ਸਕਦਾ ਹੈ। ਰਾਜਸਥਾਨ ਦੇ ਚੁਰੂ ਵਿੱਚ ਇੱਕ 20 ਸਾਲਾ ਨੌਜਵਾਨ ਨਾਲ ਕੁਝ ਐਸਾ ਹੀ ਹੋਇਆ ਹੈ।



ਨੌਜਵਾਨ ਅਕਰਮ ਨੂੰ ਮੋਬਾਈਲ ਫੋਨ ਦੀ ਐਸੀ ਆਦਤ ਪਈ ਕਿ ਉਹ ਮਾਨਸਿਕ ਰੋਗੀ ਬਣ ਗਿਆ। ਨੌਜਵਾਨ ਨਾ ਹੀ ਆਪਣੇ ਘਰ ਵਾਲਿਆਂ ਦੀ ਪਛਾਣ ਕਰ ਪਾ ਰਿਹਾ ਹੈ ਤੇ ਨਾ ਹੀ ਕੁਝ ਬੋਲ ਪਾ ਰਿਹਾ ਹੈ। ਪਿਛਲੇ ਇੱਕ ਮਹੀਨੇ ਤੋਂ ਆਪਣਾ ਕੰਮ ਕਾਰ ਛੱਡ ਮੋਬਾਈਲ ਵਿੱਚ ਲੱਗੇ ਨੌਜਵਾਨ ਨੂੰ ਪਿਛਲੇ ਪੰਜ ਦਿਨਾਂ ਤੋਂ ਨੀਂਦ ਵੀ ਨਹੀਂ ਆਈ।

ਜਦੋਂ ਨੌਜਵਾਨ ਅਕਰਮ ਹੀ ਹਾਲਤ ਜ਼ਿਆਦਾ ਹੀ ਵਿਗੜ ਗਈ ਤਾਂ ਉਸ ਦੇ ਰਿਸ਼ਤੇਦਾਰਾ ਨੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾ ਦਿੱਤਾ। ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਉਸ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਨੌਜਵਾਨ ਬਿਜਲੀ ਦੀਆਂ ਮੋਟਰਾਂ ਵੈਲਡਿੰਗ ਕਰਨ ਦਾ ਕੰਮ ਕਰਦਾ ਹੈ।

ਅਕਰਮ ਦੀ ਮਾਂ ਨੇ ਕਿਹਾ ਕਿ, ਹੁਣ ਤਾਂ ਉਹ ਰੋਟੀ ਵੀ ਨਹੀਂ ਖਾ ਰਿਹਾ ਹੈ। ਜਦੋਂ ਵੀ ਮੈਂ ਉਸਨੂੰ ਰੋਟੀ ਦੇਣ ਜਾਂਦੀ ਹਾਂ ਤਾਂ ਉਹ ਸਾਰਾ ਖਾਣਾ ਬੈੱਡ 'ਤੇ ਖਿਲਾਰ ਦਿੰਦਾ ਹੈ।