ਕੰਪਾਲਾ: ਮਰੀਅਮ ਨਬਾਤਾਂਜੀ ਦਾ 12 ਸਾਲਾਂ ਦੀ ਉਮਰ ਵਿੱਚ ਹੀ ਵਿਆਹ ਹੋ ਗਿਆ ਸੀ ਤੇ ਇੱਕ ਸਾਲ ਬਾਅਦ ਉਸ ਨੇ ਜੌੜੇ ਬੱਚਿਆਂ ਨੂੰ ਜਨਮ ਦਿੱਤਾ। ਇਸ ਦੌਰਾਨ ਜਦੋਂ ਉਹ ਡਾਕਟਰ ਕੋਲ ਗਈ ਤਾਂ ਪਤਾ ਲੱਗਾ ਕਿ ਉਸ ਦੀ ਬੱਚੇਦਾਨੀ ਆਮ ਨਾਲੋਂ ਵੱਡੀ ਹੈ ਤੇ ਗਰਭ ਨਿਰੋਧਕ ਗੋਲ਼ੀਆਂ ਉਸ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੀਆਂ ਹਨ। ਇਸ ਕਰਕੇ ਉਸ ਨੂੰ 38 ਬੱਚਿਆਂ ਦੀ ਮਾਂ ਬਣਨ ਲਈ ਮਜਬੂਰ ਹੋਣਾ ਪਿਆ। ਉਹ ਸਾਰੇ 38 ਬੱਚਿਆਂ ਦੀ ਪਰਵਰਿਸ਼ ਕਰ ਰਹੀ ਹੈ। ਦੋ ਸਾਲ ਪਹਿਲਾਂ ਉਸ ਦੇ ਪਤੀ ਨੇ ਵੀ ਉਸ ਤੋਂ ਕਿਨਾਰਾ ਕਰ ਲਿਆ।

39 ਸਾਲਾਂ ਦੀ ਇਸ ਮਹਿਲਾ ਦੇ 38 ਬੱਚੇ ਹਨ ਜਿਨ੍ਹਾਂ ਵਿੱਚੋਂ 6 ਜੌੜੇ ਹਨ। ਚਾਰ ਵਾਰ ਉਸ ਦੇ ਤਿੰਨ-ਤਿੰਨ ਬੱਚੇ ਹੋਏ ਜਦਕਿ ਪੰਜ ਵਾਰ ਉਸ ਨੇ ਚਾਰ-ਚਾਰ ਬੱਚਿਆਂ ਨੂੰ ਜਨਮ ਦਿੱਤਾ। ਇੱਕ ਵਾਰ ਅਜਿਹਾ ਮੌਕਾ ਵੀ ਆਇਆ ਜਦੋਂ ਮਹਿਲਾ ਨੇ ਇੱਕੋ ਵੇਲੇ 6 ਬੱਚਿਆਂ ਨੂੰ ਜਨਮ ਦਿੱਤਾ। ਹਾਲਾਂਕਿ ਉਨ੍ਹਾਂ ਵਿੱਚੋਂ ਕੋਈ ਵੀ ਜਿਊਂਦਾ ਨਹੀਂ ਬਚਿਆ। ਨਬਾਤਾਂਜੀ ਦਾ ਪਰਿਵਾਰ ਅਫ਼ਰੀਕਾ ਵਿੱਚ ਸਭ ਤੋਂ ਵੱਡਾ ਪਰਿਵਾਰ ਹੈ।

ਆਖ਼ਰੀ ਵਾਰ ਨਬਾਤਾਂਜੀ ਢਾਈ ਸਾਲ ਪਹਿਲਾਂ ਗਰਭਵਤੀ ਹੋਈ ਸੀ। ਉਦੋਂ ਉਸ ਦੇ ਪੇਟ ਵਿੱਚ ਛੇ ਬੱਚੇ ਸੀ। ਇੱਕ ਨੇ ਤਾਂ ਪੇਟ ਵਿੱਚ ਹੀ ਦਮ ਤੋੜ ਦਿੱਤਾ ਸੀ। ਹੈਰਾਨੀ ਵਾਲੀ ਗੱਲ ਹੈ ਕਿ ਨਬਾਤਾਂਜੀ ਦੇ ਘਰ ਵਿੱਚ ਉਸ ਦੇ ਪਤੀ ਦਾ ਨਾਂ ਇੱਕ ਸਰਾਪ ਵਾਂਗ ਲਿਆ ਜਾਂਦਾ ਹੈ।

ਨਬਾਤਾਂਜੀ ਦਾ ਕਹਿਣਾ ਹੈ ਕਿ ਆਪਣੀ ਜ਼ਿੰਦਗੀ ਵਿੱਚ ਉਸ ਨੇ ਬਹੁਤ ਸਾਰੇ ਦੁੱਖ ਝੱਲੇ ਹਨ। ਪਤੀ ਨੇ ਉਸ ਨੂੰ ਕਾਫੀ ਪਰੇਸ਼ਾਨ ਕੀਤਾ। ਹੁਣ ਪਰਿਵਾਰ ਦੀ ਦੇਖਭਾਲ ਕਰਨਾ ਹੀ ਉਸ ਦਾ ਇੱਕੋ-ਇੱਕ ਕੰਮ ਹੈ। ਪੈਸਾ ਕਮਾਉਣ ਦੇ ਨਾਲ-ਨਾਲ ਉਹ ਖ਼ੁਦ ਹੀ ਸਾਰੇ ਬੱਚਿਆਂ ਦੀ ਦੇਖਭਾਲ ਕਰਦੀ ਹੈ। ਪੈਸਾ ਕਮਾਉਣ ਲਈ ਉਹ ਹੇਅਰਡ੍ਰੈਸਿੰਗ ਤੋਂ ਲੈ ਕੇ ਕਬਾੜ ਵੇਚਣ ਤਕ ਦਾ ਕੰਮ ਕਰ ਰਹੀ ਹੈ।

ਉਸ ਨੇ ਦੱਸਿਆ ਕਿ ਇੰਨੇ ਜ਼ਿਆਦਾ ਬੱਚੇ ਹੋਣ ਪਿੱਛੇ ਉਸ ਦਾ ਬਾਤਾ ਸਮਾਂ ਜ਼ਿੰਮੇਵਾਰ ਹੈ। ਉਸ ਦੇ ਜਨਮ ਦੇ ਤਿੰਨ ਦਿਨਾਂ ਬਾਅਦ ਉਸ ਦੀ ਮਾਂ ਉਸ ਨੂੰ ਛੱਡ ਕੇ ਚਲੀ ਗਈ ਸੀ। ਪਿਤਾ ਨੇ ਫਿਰ ਤੋਂ ਵਿਆਹ ਕਰਵਾ ਲਿਆ। ਮਤਰੇਈ ਮਾਂ ਨੇ ਵਿੱਚ ਕੱਚ ਦਾ ਗਿਲਾਸ ਤੋੜ ਕੇ ਖਾਣੇ ਵਿੱਚ ਮਿਲਾ ਦਿੱਤਾ ਤੇ ਸਾਰੇ ਬੱਚਿਆਂ ਨੂੰ ਖਾਣਾ ਖੁਆ ਦਿੱਤਾ। ਉਸ ਦੇ ਸਾਰੇ ਭੈਣ-ਭਰਾ ਮਰ ਗਏ ਪਰ ਉਸ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਲਈ।

ਉਦੋਂ ਉਹ ਸੱਤ ਸਾਲਾਂ ਦੀ ਸੀ। ਉਦੋਂ ਉਸ ਨੇ ਇੱਕ ਜ਼ਿੰਮੇਵਾਰ ਰਿਸ਼ਤੇਦਾਰ ਘਰ ਸ਼ਰਨ ਲਈ। ਉਦੋਂ ਉਸ ਨੇ ਠਾਣ ਲਈ ਸੀ ਕਿ ਉਹ ਛੇ ਬੱਚਿਆਂ ਨੂੰ ਜਨਮ ਦੇ ਕੇ ਫਿਰ ਤੋਂ ਪਰਿਵਾਰ ਬਣਾਏਗੀ।