ਚੰਡੀਗੜ੍ਹ: ਇੰਟਰਨੈੱਟ 'ਤੇ ਵੇਖ ਆਪੇ ਦਵਾਈ ਲੈਣ ਦੇ ਕਿੱਸੇ ਤਾਂ ਮਾਡਰਨ ਜ਼ਮਾਨੇ ਦੀ ਦੰਦ ਕਥਾ ਬਣ ਚੁੱਕੇ ਹਨ, ਪਰ ਭਾਰਤ ਅੰਦਰ ਹੁਣ ਇੰਟਰਨੈੱਟ 'ਤੇ ਵੀਡੀਓ ਦੇਖ ਕੇ ਲੋਕ ਆਪ੍ਰੇਸ਼ਨ ਵੀ ਕਰਨ ਲਈ ਤੁਰ ਪਏ ਹਨ। ਜੀ ਹਾਂ, ਇੰਟਰਨੈੱਟ ਵੇਖ ਕੇ ਇੱਕ ਜੋੜਾ ਆਤਮਵਿਸ਼ਾਸ ਨਾਲ ਇੰਨਾ ਭਰ ਗਿਆ ਕਿ ਆਪਣੇ ਛੋਟੇ ਬੱਚੇ ਦੀ ਚੀਰ-ਫਾੜ ਕਰਨ ਲਈ ਤਿਆਰ ਹੋ ਗਏ। ਇਹ ਕਹਾਣੀ ਉਸ ਪਤੀ-ਪਤਨੀ ਦੀ ਹੈ, ਜੋ ਇੰਟਰਨੈੱਟ ਤੋਂ ਸਿੱਖਿਅਤ ਹੋ ਕੇ ਖ਼ੁਦ ਨੂੰ ਪੇਸ਼ੇਵਰ ਡਾਕਟਰ ਤੋਂ ਘੱਟ ਨਹੀਂ ਸੀ ਸਮਝਦੇ।
ਬੇਂਗਲੁਰੂ ਦੇ ਨਿੱਜੀ ਹਸਪਤਾਲ ਦੇ ਡਾਕਟਰ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਹੀ ਇਸ ਮਾਮਲੇ ਦਾ ਖੁਲਾਸਾ ਕੀਤਾ ਹੈ। 'ਦ ਨਿਊਜ਼ ਮਿੰਟ' ਦੀ ਖ਼ਬਰ ਮੁਤਾਬਕ ਡਾਕਟਰ ਨੇ ਦੱਸਿਆ ਕਿ ਪਿਛਲੇ ਦਿਨੀਂ ਪਤੀ-ਪਤਨੀ ਆਪਣੇ ਬੱਚੇ ਨੂੰ ਲੈਕੇ ਉਨ੍ਹਾਂ ਦੇ ਹਸਪਤਾਲ ਆਏ। ਬੱਚੇ ਨੂੰ ਸਰਜਰੀ ਦੀ ਲੋੜ ਸੀ, ਪਰ ਉਹ ਡਾਕਟਰ ਨਹੀਂ ਸੀ ਲੱਭ ਰਹੇ ਸਗੋਂ ਉਨ੍ਹਾਂ ਸਰਜਰੀ ਕਰਨ ਵਾਲੇ ਔਜ਼ਾਰ ਮੰਗੇ ਤਾਂ ਜੋ ਉਹ ਖ਼ੁਦ ਆਪਣੇ ਪੁੱਤਰ ਦਾ ਆਪ੍ਰੇਸ਼ਨ ਕਰ ਸਕਣ।
ਡਾਕਟਰ ਨੇ ਦੱਸਿਆ ਕਿ ਦੋਵੇਂ ਜੀਅ ਇੰਟਰਨੈੱਟ 'ਤੇ ਵੀਡੀਓ ਦੇਖ ਕੇ ਆਏ ਸਨ ਅਤੇ ਹਸਪਤਾਲ ਤੋਂ ਆਪ੍ਰੇਸ਼ਨ ਥੀਏਟਰ, ਆਪ੍ਰੇਸ਼ਨ ਦਾ ਸਮਾਨ ਅਤੇ ਨਰਸ ਦੀ ਮੰਗ ਕਰ ਰਹੇ ਸਨ। ਦੋਵਾਂ ਜੀਆਂ ਨੇ ਇਹ ਵੀ ਤਰਕ ਦਿੱਤਾ ਕਿ ਹਸਪਤਾਲ ਫਾਲਤੂ ਚੀਜ਼ਾਂ ਤੋਂ ਪੈਸੇ ਬਟੋਰਦੇ ਹਨ ਅਤੇ ਉਹ ਅਜਿਹਾ ਨਹੀਂ ਹੋਣ ਦੇਣਗੇ। ਇਸ ਲਈ ਉਹ ਖ਼ੁਦ ਆਪਣੇ ਬੱਚੇ ਦਾ ਆਪ੍ਰੇਸ਼ਨ ਕਰਨਗੇ। ਹਸਪਤਾਲ ਨੇ ਦੋਵਾਂ ਜਣਿਆਂ ਦੀ ਮੰਗ ਪੂਰੀ ਨਾ ਕੀਤੀ ਤਾਂ ਉਹ ਬੱਚੇ ਨੂੰ ਲੈਕੇ ਕਿਤੇ ਚਲੇ ਗਏ।
ਇਸ ਤੋਂ ਪਹਿਲਾ ਜੁਲਾਈ ਵਿੱਚ ਜੋੜੇ ਨੇ ਇੰਟਰਨੈੱਟ 'ਤੇ ਦੇਖ ਬੱਚੇ ਦਾ ਜਣੇਪਾ ਕਰਵਾਉਣ ਦਾ ਖ਼ਤਰਾ ਮੁੱਲ ਲਿਆ, ਜੋ ਉਨ੍ਹਾਂ ਲਈ ਜਾਨਲੇਵਾ ਸਾਬਤ ਹੋਇਆ। 28 ਸਾਲਾ ਔਰਤ ਤੇ ਉਸ ਦਾ ਪਤੀ ਘਰ ਅੰਦਰ ਹੀ ਬੱਚਾ ਪੈਦਾ ਕਰਨ ਦੀਆਂ ਵੀਡੀਓਜ਼ ਦੀ ਮਦਦ ਨਾਲ ਆਪਣੇ ਜਣੇਪਾ ਕਰਵਾ ਰਹੇ ਸਨ। ਇਸ ਦੌਰਾਨ ਮਹਿਲਾ ਦੀ ਮੌਤ ਹੋ ਗਈ। ਡਾਕਟਰਾਂ ਨੇ ਲੋਕਾਂ ਵੱਲੋਂ ਇੰਟਰਨੈੱਟ ਦੀ ਮਦਦ ਨਾਲ ਆਪਣੇ ਰੋਗਾਂ ਦੇ ਇਲਾਜ ਲੱਭਣ 'ਤੇ ਵਧਦੀ ਨਿਰਭਰਤਾ ਨੂੰ ਖ਼ਤਰਨਾਕ ਦੱਸਿਆ ਹੈ। ਮਾਹਰਾਂ ਮੁਤਾਬਕ ਕਿਸੇ ਬਿਮਾਰੀ ਦੇ ਲੱਛਣ ਲੱਭਣ ਲਈ ਇੰਟਰਨੈੱਟ ਬੇਸ਼ੱਕ ਸਹਾਈ ਹੋ ਸਕਦਾ ਹੈ, ਪਰ ਬਗ਼ੈਰ ਡਾਕਟਰੀ ਮਸ਼ਵਰੇ ਤੋਂ ਇਲਾਜ ਕਰਨਾ ਨੁਕਸਾਨਦਾਇਕ ਵੀ ਹੋ ਸਕਦਾ ਹੈ।