ਜਲੰਧਰ: ਸ਼ਹਿਰ ਵਿੱਚ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਵਰਕਰਾਂ ਵਿੱਚ ਝੜਪ ਹੋ ਗਈ। ਇਹ ਹੰਗਾਮਾ ਬੀਜੇਪੀ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਦੀ ਮੀਟਿੰਗ ਦੇ ਬਾਹਰ ਹੋਇਆ। ਜੇਕਰ ਸਮਾਂ ਰਹਿੰਦੇ ਪੁਲਿਸ ਦੋਵਾਂ ਧਿਰਾਂ ਨੂੰ ਵੱਖ ਨਾ ਕਰਦੀ ਤਾਂ ਗੱਲ ਹੋਰ ਵੀ ਵਧ ਸਕਦੀ ਸੀ।
ਬੀਜੇਪੀ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਆਉਣ ਵਾਲੀ ਗੁਰਦਾਸਪੁਰ ਦੀ ਰੈਲੀ ਵਿੱਚ ਵਰਕਰਾਂ ਨਾਲ ਮੀਟਿੰਗ ਕਰਨ ਜਲੰਧਰ ਆਏ ਸਨ ਤਾਂ ਯੂਥ ਕਾਂਗਰਸੀ ਵਰਕਰਾਂ ਨੇ ਬੀਜੇਪੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਮਾਮਲਾ ਹੱਥੋਪਾਈ ਤਕ ਪਹੁੰਚ ਗਿਆ। ਬੀਜੇਪੀ ਯੁਵਾ ਮੋਰਚਾ ਦੇ ਲੀਡਰ ਮਨੀਸ਼ ਵਿਜ ਤੇ ਯੂਥ ਕਾਂਗਰਸ ਦੇ ਨੇਤਾ ਸੋਨੂੰ ਸੰਧਰ ਨੇ ਇੱਕ-ਦੂਜੇ ਉੱਪਰ ਪਹਿਲਾਂ ਹਮਲਾ ਕੀਤੇ ਜਾਣ ਦੇ ਦੋਸ਼ ਲਾਏ।
ਉੱਧਰ, ਬੀਜੇਪੀ ਪ੍ਰਧਾਨ ਸ਼ਵੇਤ ਮਲਿਕ ਨੇ ਕਈ ਚੀਜ਼ਾਂ 'ਤੇ ਜੀਐਸਟੀ ਦਰਾਂ ਵਿੱਚ ਕੀਤੀ ਕਟੌਤੀ ਦੇ ਬਾਰੇ ਪ੍ਰਧਾਨ ਮੰਤਰੀ ਮੋਦੀ ਦੀ ਚੰਗੀ ਤਾਰੀਫ ਕੀਤੀ ਤੇ '84 ਮਾਮਲੇ ਦਾ ਜ਼ਿਕਰ ਵੀ ਕੀਤਾ ਪਰ ਜਦੋਂ ਉਨ੍ਹਾਂ ਨੂੰ ਮੀਟਿੰਗ ਤੋਂ ਬਾਅਦ ਅੱਜ ਦੇ ਹੰਗਾਮੇ ਬਾਰੇ ਪੁੱਛਣਾ ਚਾਹਿਆ ਤਾਂ ਉਹ ਚੱਲਦੇ ਬਣੇ।