ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਵੱਖ ਹੋਏ ਅਕਾਲੀ ਦਲ ਟਕਸਾਲੀ ਬਣਾਉਣ ਵਾਲੇ ਲੀਡਰਾਂ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕੀਤਾ ਹੈ। ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਪਣੇ ਸਾਥੀ ਡਾ. ਰਤਨ ਸਿੰਘ ਅਜਨਾਲਾ ਨੂੰ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਦਿੱਤਾ ਤੇ ਸੇਵਾ ਸਿੰਘ ਸੇਖਵਾਂ ਨੂੰ ਪਾਰਟੀ ਦਾ ਸਕੱਤਰ ਜਨਰਲ ਤੇ ਬੁਲਾਰਾ ਥਾਪਿਆ।

ਇਸ ਦੇ ਨਾਲ ਹੀ ਮੀਤ ਪ੍ਰਧਾਨਾਂ ਵਿੱਚ ਸਾਬਕਾ ਵਿਧਾਇਕ ਉਜਾਗਰ ਸਿੰਘ ਵਡਾਲੀ, ਮੋਹਿੰਦਰ ਸਿੰਘ ਹੁਸੈਨਪੁਰ (ਨਵਾਂਸ਼ਹਿਰ) ਸ਼ਾਮਲ ਹਨ ਤੇ ਮੱਖਣ ਸਿੰਘ ਨੰਗਲ (ਫ਼ਰੀਦਕੋਟ) ਨੂੰ ਜਨਰਲ ਸਕੱਤਰ ਥਾਪਿਆ। ਚਰਨ ਸਿੰਘ ਫ਼ਿਰੋਜ਼ਪੁਰ ਨੂੰ ਅਕਾਲੀ ਦਲ ਟਕਸਾਲੀ ਦਾ ਪ੍ਰਬੰਧਕੀ ਸਕੱਤਰ ਬਣਾਇਆ ਗਿਆ ਹੈ। ਬ੍ਰਹਮਪੁਰਾ ਨੇ ਕਿਹਾ ਹੈ ਕਿ ਉਹ ਜਲਦ ਹੀ ਪਾਰਟੀ ਨੂੰ ਰਜਿਸਟਰ ਕਰਵਾਉਣਗੇ।

ਚੋਣ ਕਮਿਸ਼ਨ ਕੋਲ ਰਜਿਸਟ੍ਰੇਸ਼ਨ ਤੋਂ ਬਾਅਦ ਹੀ ਪਾਰਟੀ ਨੂੰ ਚੋਣ ਨਿਸ਼ਾਨ ਮਿਲ ਸਕਦਾ ਹੈ ਤੇ ਜੇਕਰ ਪਾਰਟੀ ਆਉਂਦੀਆਂ ਚੋਣਾਂ ਵਿੱਚ ਤੈਅ ਕੀਤੇ ਪੱਧਰ ਦਾ ਪ੍ਰਦਰਸ਼ਨ ਕਰਦੀ ਹੈ ਤਾਂ ਪੱਕਾ ਚੋਣ ਨਿਸ਼ਾਨ ਵੀ ਮਿਲ ਜਾਂਦਾ ਹੈ। ਢਾਂਚੇ ਦੇ ਐਲਾਨ ਤੋਂ ਬਾਅਦ ਬ੍ਰਹਮਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਦਲ ਪਰਿਵਾਰ 'ਤੇ ਖ਼ੂਬ ਸ਼ਬਦੀ ਹਮਲੇ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਛੇਤੀ ਕਰਵਾਉਣ ਲਈ ਉਹ ਪ੍ਰਧਾਨ ਮੰਤਰੀ ਤਕ ਵੀ ਪਹੁੰਚ ਕਰਨਗੇ।

ਬ੍ਰਹਮਪੁਰਾ ਨੇ ਕਿਹਾ ਕਿ ਕਈ ਐਸਜੀਪੀਸੀ ਮੈਂਬਰ ਵੀ ਉਨ੍ਹਾਂ ਦੇ ਸੰਪਰਕ ਵਿੱਚ ਹਨ ਤੇ ਉਹ ਪੂਰੀ ਤਿਆਰੀ ਨਾਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਹਿੱਸਾ ਲੈਣਗੇ। ਟਕਸਾਲੀ ਅਕਾਲੀ ਦਲ ਦੇ ਪ੍ਰਧਾਨ ਨੇ ਲੋਕ ਸਭਾ ਚੋਣਾਂ ਬਾਰੇ ਕੋਈ ਵਿਚਾਰ ਨਾ ਹੋਣ ਦੀ ਗੱਲ ਵੀ ਕਹੀ।