ਫਤਹਿਗੜ੍ਹ ਸਾਹਿਬ: ਇਤਿਹਾਸ ਦੇ ਪੰਨਿਆਂ ਵਿੱਚ ਜਦੋਂ ਵੀ ਮਹਾਨ ਸ਼ਹਾਦਤਾਂ ਦਾ ਜ਼ਿਕਰ ਹੁੰਦਾ ਹੈ, ਤਾਂ ਉਨ੍ਹਾਂ ਦੀ ਸ਼ੁਰੂਆਤ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਤੋਂ ਹੁੰਦੀ ਹੈ। ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ 9 ਸਾਲ ਤੇ ਬਾਬਾ ਫਤਹਿ ਸਿੰਘ 7 ਸਾਲ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਫਤਹਿਗੜ੍ਹ ਸਾਹਿਬ ਵਿੱਚ ਹਰ ਸਾਲ ਤਿੰਨ ਦਿਨਾਂ ਤੱਕ ਸ਼ਹੀਦੀ ਜੋੜ ਮੇਲ ਹੁੰਦਾ ਹੈ।

ਫਤਹਿਗੜ੍ਹ ਸਾਹਿਬ ਦੇ ਨਾਮ ਤੋਂ ਹੀ ਸਪੱਸ਼ਟ ਹੁੰਦਾ ਹੈ ਕਿ ਫਤਹਿ ਭਾਵ ਜਿੱਤ ਤੇ ਗੜ੍ਹ ਭਾਵ ਕਿਲ੍ਹਾ। ਸੌਖੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਜਿੱਤਿਆ ਹੋਇਆ ਕਿਲ੍ਹਾ। ਫਤਹਿਗੜ੍ਹ ਸਾਹਿਬ ਨੂੰ ਇਹ ਨਾਂ ਇੰਝ ਹੀ ਨਹੀਂ ਮਿਲਿਆ, ਸਗੋਂ ਇਸ ਪ੍ਰਾਪਤੀ ਲਈ 300 ਸਾਲ ਦਾ ਲੰਮਾ ਸੰਘਰਸ਼ ਕਰਨਾ ਪਿਆ ਹੈ। ਪਹਿਲਾਂ ਸਰਹਿੰਦ ਦਾ ਸ਼ਾਹੀ ਕਿਲ੍ਹਾ, ਫਿਰ ਫਤਹਿਗੜ੍ਹ ਸਾਹਿਬ, ਬਾਅਦ ਵਿੱਚ ਇੱਕ ਸ਼ਹਿਰ ਦਾ ਰੂਪ ਧਾਰਨ ਕਰ ਚੁੱਕਿਆ ਇਹ ਸਥਾਨ ਅੱਜ ਪੂਰਾ ਜ਼ਿਲ੍ਹਾ ਬਣ ਚੁੱਕਿਆ ਹੈ। ਇਸ ਧਰਤੀ ਦੀ ਮਹਾਨਤਾ ਇੱਥੇ ਬਣੇ ਗੁਰਦੁਆਰਾ ਸਾਹਿਬ ਕਾਰਨ ਹੋਰ ਵੀ ਵਧ ਜਾਂਦੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਵੱਲੋਂ ਜਿੱਥੇ ਜਿੰਦਾ ਦੀਵਾਰਾਂ ਵਿੱਚ ਚਿਣਵਾ ਦਿੱਤਾ ਗਿਆ ਸੀ, ਉਸ ਜਗ੍ਹਾ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਸਥਿਤ ਹੈ।

ਉੱਥੇ ਹੀ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਦਰਬਾਰ ਸਾਹਿਬ ਹੇਠਾਂ ਸ਼੍ਰੀ ਭੋਰਾ ਸਾਹਿਬ ਸਥਿਤ ਹੈ ਜੋ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਦਾ ਸ਼ਹੀਦੀ ਸਥਾਨ ਹੈ। ਇੱਥੇ 13 ਪੋਹ 1704 ਵਿੱਚ ਗੁਰੂ ਗੋਬਿੰਦ ਸਿੰਘ ਦੇ ਦੋਵੇਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ 9 ਸਾਲ ਬਾਬਾ ਫਤਹਿ ਸਿੰਘ 7 ਸਾਲ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਦੇ ਹੁਕਮ ਨਾਲ ਜਿੰਦਾ ਦੀਵਾਰ ਵਿੱਚ ਚਿਣਵਾ ਦਿੱਤਾ ਗਿਆ ਸੀ। ਉਨ੍ਹਾਂ ਦੇ ਵਿਯੋਗ ਵਿੱਚ ਮਾਤਾ ਗੁਜਰੀ ਜੀ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ ਸਨ। ਇਸ ਲਈ ਇਸ ਸਥਾਨ ਨੂੰ ਭੋਰਾ ਸਾਹਿਬ ਦੇ ਨਾਮ ਨਾਲ ਨਹੀਂ ਸਗੋਂ ਸ਼ਹੀਦੀ ਸਥਾਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਵਿੱਚ ਨਤਮਸਤਕ ਹੋਣ ਪੁੱਜੇ ਸ਼ਰਧਾਲੂਆਂ ਦਾ ਕਹਿਣਾ ਸੀ ਕਿ ਇਹ ਉਹ ਧਰਤੀ ਹੈ ਜਿੱਥੇ ਸਭ ਤੋਂ ਛੋਟੀ ਉਮਰ ਵਿੱਚ ਛੋਟੇ ਸਾਹਿਬਜ਼ਾਦਿਆਂ ਨੇ ਇੱਕ ਮਿਸਾਲ ਕਾਇਮ ਕਰਦੇ ਹੋਏ ਆਪਣੇ ਧਰਮ ਤੇ ਮਨੁੱਖਤਾ ਲਈ ਕੁਰਬਾਨੀ ਦਿੱਤੀ। ਇੱਥੇ ਗੁਰੂ ਸਾਹਿਬ ਦੇ ਦੋਵਾਂ ਛੋਟੇ ਸਾਹਿਬਜ਼ਾਦਿਆਂ ਨੇ ਨਵਾਬ ਵਜ਼ੀਰ ਖਾਂ ਦੇ ਇਸਲਾਮ ਨਾ ਕਬੂਲਣ ਉੱਤੇ ਜਿੰਦਗੀ ਤੇ ਮੌਤ ਦੋਵਾਂ ਵਿੱਚੋਂ ਇੱਕ ਨੂੰ ਚੁਣਿਆ ਤੇ ਧਰਮ ਦੀ ਖਾਤਰ ਮੌਤ ਕਬੂਲ ਕੀਤਾ।

ਇਸ ਦੇ ਨਿਸ਼ਾਨ ਅੱਜ ਵੀ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਹੇਠਾਂ ਬਣੇ ਸ਼੍ਰੀ ਭੋਰਾ ਸਾਹਿਬ ਵਿੱਚ ਮੌਜੂਦ ਹਨ, ਜਿੱਥੇ ਅੱਜ ਵੀ ਉਹ ਦੀਵਾਰ ਮੌਜੂਦ ਹੈ ਜਿਸ ਵਿੱਚ ਦੋਵਾਂ ਸਾਹਿਬਜ਼ਾਦਿਆਂ ਨੂੰ ਚਿਣਵਾਇਆ ਗਿਆ ਸੀ। ਇਸ ਦੇ ਨਾਲ ਸਾਡੀਆਂ ਆਉਣ ਵਾਲੀ ਪੀੜ੍ਹੀਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਤੇ ਤੁਸੀਂ ਧਰਮ ਪ੍ਰਤੀ ਪੱਕਾ ਹੁੰਦੇ ਹੋਏ ਬਾਣੀ ਤੇ ਬਾਣੇ ਨਾਲ ਜੁੜਨਾ ਚਾਹੀਦਾ ਹੈ।