ਨਵੀਂ ਦਿੱਲੀ: ਪੰਜਾਬ, ਦਿੱਲੀ-ਐਨਸੀਆਰ ਸਮੇਤ ਪੂਰੇ ਉੱਤਰ ਭਾਰਤ ਵਿੱਚ ਅੱਤ ਦੀ ਠੰਢ ਪੈ ਰਹੀ ਹੈ ਜਿਸ ਕਰਕੇ ਲੋਕਾਂ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਦੇ ਸਫਦਰਗੰਜ ਵਿੱਚ ਅੱਜ ਸਵੇਰ ਦਾ ਤਾਪਮਾਨ 3.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਸਰਦੀ ਤੇ ਕੋਰਾ ਪੈਣ ਕਰਕੇ ਵਿਜ਼ੀਬਿਲਟੀ ਵੀ ਕਾਫੀ ਘਟ (300 ਮੀਟਰ) ਗਈ ਹੈ। ਉੱਤਰ ਵੱਲੋਂ ਬਰਫ਼ੀਲੀਆਂ ਹਵਾਵਾਂ ਕਰਕੇ ਦਿੱਲੀ ਸਮੇਤ ਪੰਜਾਬ ਤੇ ਹਰਿਆਣਾ ਵਿੱਚ ਵੀ ਠੰਢ ਦਾ ਅਸਰ ਦਿੱਸ ਰਿਹਾ ਹੈ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਸਰਦੀ ਵਧ ਗਈ ਹੈ।

ਇਸ ਵਾਰ ਦੀ ਠੰਢ ਨੇ ਦਿੱਲੀ ਵਿੱਚ ਪਿਛਲੇ 12 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਗੁਰੂਗਰਾਮ ਵਿੱਚ ਵੀ ਲੋਕ ਠੰਢ ਦੇ ਕਹਿਰ ਤੋਂ ਪ੍ਰੇਸ਼ਾਨ ਹਨ। ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨ-ਤਿੰਨ ਦਿਨਾਂ ਤਕ ਲੋਕਾਂ ਨੂੰ ਠੰਢ ਤੋਂ ਰਾਹਤ ਨਹੀਂ ਮਿਲੇਗੀ। ਹਰਿਆਣਾ ਦੇ ਕਰਨਾਲ ਵਿੱਚ ਤਾਂ ਅੱਜ ਦਾ ਤਾਪਮਾਨ ਜ਼ੀਰੋ ਡਿਗਰੀ ਰਿਕਾਰਡ ਕੀਤਾ ਗਿਆ ਜੋ ਆਮ ਤੋਂ 7 ਡਿਗਰੀ ਘੱਟ ਹੈ।



ਮੌਸਮ ਵਿਭਾਗ ਨੇ ਦੱਸਿਆ ਹੈ ਕਿ ਅਗਲੇ 24 ਘੰਟਿਆਂ ਵਿੱਚ ਮੌਸਮ ਆਮ ਤੌਰ ’ਤੇ ਖ਼ੁਸ਼ਕ ਹੀ ਰਹੇਗਾ। ਵੱਖ-ਵੱਖ ਥਾਵਾਂ ’ਤੇ ਕਿਤੇ ਘੱਟ ਤੇ ਕਿਤੇ ਜ਼ਿਆਦਾ ਕੋਰਾ ਪੈ ਸਕਦਾ ਹੈ। ਉੱਧਰ ਕਸ਼ਮੀਰ ਘਾਟੀ ਵਿੱਚ ਸ਼ੁੱਕਰਵਾਰ ਤੋਂ 40 ਦਿਨਾਂ ਦਾ ਵਿਸ਼ੇਸ਼ ਸਮਾਂ ਸ਼ੁਰੂ ਹੋ ਗਿਆ ਹੈ ਜਿਸ ਦੌਰਾਨ ਉੱਥੇ ਸਭ ਤੋਂ ਵੱਧ ਠੰਢ ਪੈਂਦੀ ਹੈ। ਨਦੀਆਂ ਤੇ ਝੀਲਾਂ ਦਾ ਪਾਣੀ ਜੰਮ ਰਿਹਾ ਹੈ। ਕਸ਼ਮੀਰ ਵਿੱਚ ਹੋ ਰਹੀ ਬਰਫ਼ਬਾਰੀ ਦਾ ਅਸਰ ਪੂਰੇ ਉੱਤਰ ਭਾਰਤ ਤਕ ਜਾ ਰਿਹਾ ਹੈ।