ਮੁੰਬਈ: ਬੀਤ ਦਿਨੀਂ ਇਸ਼ਕ ਦੇ ਚੱਕਰ ਵਿੱਚ ਪਾਕਿਸਤਾਨ ਗਏ ਹਾਮਿਦ ਅੰਸਾਰੀ ਨੂੰ ਪਾਕਿਸਤਾਨ ਨੇ ਰਿਹਾਅ ਕੀਤਾ। ਹਾਮਿਦ ਆਪਣੇ ਘਰ ਵਾਪਿਸ ਆ ਗਿਆ ਹੈ। ਉਸ ਨੇ ਪਾਕਿਸਤਾਨ ਵਿੱਚ ਆਪਣੀ ਨਾਲ ਹੋਇਆ ਸਭ ਕੁਝ ਬਿਆਨ ਕੀਤਾ। ਉਸ ਨੇ ਦੱਸਿਆ ਕਿ ਕੈਦ ਕਰਨ ਬਾਅਦ ਉਸ ਨੂੰ ਜ਼ਮੀਨ ਤੋਂ 15 ਫੁੱਟ ਹੇਠਾਂ ਅਜਿਹੀ ਥਾਂ ਰੱਖਿਆ ਗਿਆ, ਜਿੱਥੇ ਪਤਾ ਵੀ ਨਹੀਂ ਚੱਲਦਾ ਸੀ ਕਿ ਬਾਹਰ ਦਿਨ ਹੈ ਜਾਂ ਰਾਤ। ਉਹ ਹਮੇਸ਼ਾ ਉੱਥੇ ਹੀ ਪਿਆ ਰਹਿੰਦਾ ਸੀ।
ਉਸ ਨੇ ਦੱਸਿਆ ਕਿ ਨਾ ਹੀ ਉਸ ਨੂੰ ਠੀਕ ਤਰ੍ਹਾਂ ਖਾਣ ਲਈ ਕੁਝ ਦਿੱਤਾ ਜਾਂਦਾ ਸੀ ਤੇ ਨਾ ਹੀ ਕੋਈ ਹੋਰ ਸਹੂਲਤ। ਪਾਕਿਸਤਾਨੀ ਅਫ਼ਸਰ ਕਦੀ ਵੀ ਆ ਜਾਂਦੇ ਤੇ ਪੁੱਛਗਿੱਛ ਕਰਨ ਲੱਗ ਜਾਂਦੇ। ਸਰਦੀਆਂ ਵਿੱਚ ਪੂਰਾ ਹਫ਼ਤਾ ਉਸ ਨੂੰ ਪੈਰਾਂ ’ਤੇ ਖੜ੍ਹਾ ਰਹਿਣ ਲਈ ਕਿਹਾ ਗਿਆ। ਸੌਣ ਵੀ ਨਹੀਂ ਦਿੱਤਾ ਜਾਂਦਾ ਸੀ। ਅੱਖਾਂ ’ਤੇ ਪੱਟੀ ਬੰਨ੍ਹੀਂ ਹੁੰਦੀ ਸੀ। ਜਦੋਂ ਉਹ ਹਿੱਲਦਾ ਸੀ ਤਾਂ ਉਸ ਨੂੰ ਕੁੱਟਿਆ ਜਾਂਦਾ ਸੀ। ਇਹ ਸਭ ਕੁਝ ਹਫ਼ਤਾ ਭਰ ਚੱਲਦਾ ਰਿਹਾ। ਪੂਰੇ ਇੱਕ ਹਫ਼ਤੇ ਬਾਅਦ ਉਸ ਦੀਆਂ ਅੱਖਾਂ ਤੋਂ ਪੱਟੀ ਖੋਲ੍ਹੀ ਗਈ।
ਹਾਮਿਦ ਨੇ ਇਹ ਵੀ ਕਿਹਾ ਕਿ ਉਸ ਨੇ ਆਪਣੀ ਮਹਿਲਾ ਦੋਸਤ ਨੂੰ ਮਾਫ ਕਰ ਦਿੱਤਾ ਹੈ। ਉਸ ਨੇ ਹਾਮਿਦ ਨੂੰ ਧੋਖਾ ਦਿੱਤਾ। ਉਸ ਨੇ ਕਿਹਾ ਕਿ ਉਸ ਦਾ ਮਕਸਦ ਪਾਕਿਸਤਾਨ ਦੇ ਖ਼ਿਲਾਫ਼ ਸਾਜ਼ਿਸ ਕਰਨਾ ਨਹੀਂ ਸੀ ਉਹ ਸਿਰਫ ਆਪਣੀ ਦੋਸਤ ਦੀ ਮਦਦ ਕਰਨ ਲਈ ਪਾਕਿਸਤਾਨ ਗਿਆ ਸੀ। ਉਸ ਲੜਕੀ ਨੇ ਉਸ ਨੂੰ ਮਦਦ ਕਰਨ ਲਈ ਕਿਹਾ ਸੀ ਕਿਉਂਕਿ ਉਸ ਦੇ ਘਰ ਵਾਲੇ ਜ਼ਬਰਦਸਤੀ ਉਸ ਦਾ ਵਿਆਹ ਕਿਤੇ ਹੋਰ ਕਰਵਾ ਰਹੇ ਸੀ। ਉਸ ਨੇ ਪਿੱਛੇ ਹਟਣਾ ਠੀਕ ਨਹੀਂ ਸਮਝਿਆ ਤੇ ਪਾਕਿਸਤਾਨ ਚਲਾ ਗਿਆ। ਪਰ ਜਦੋਂ ਉੱਥੇ ਪੁੱਜਾ ਤਾਂ ਪਤਾ ਲੱਗਾ ਕਿ ਉਸ ਨਾਲ ਧੋਖਾ ਹੋਇਆ ਹੈ। ਜਿਨ੍ਹਾਂ ਲੋਕਾਂ ਵੇ ਉਸ ਨੂੰ ਰਾਹ ਵਿਖਾਇਆ ਸੀ, ਉਨ੍ਹਾਂ ਨੇ ਹੀ ਉਸ ਲਈ ਜਾਲ ਵਿਛਾ ਰੱਖਿਆ ਸੀ। ਪਾਕਿਸਤਾਨ ਦੀ ਲੌਜ ਤੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਹਾਮਿਦ ਨੇ ਦੱਸਿਆ ਕਿ ਪਾਕਿਸਤਾਨ ਦੇ ਅਫ਼ਸਰ ਉਸ ਨੂੰ ਪਹਾੜ ਦਿਖਾਈ ਦਿੰਦੇ ਸੀ। ਪੂਰਾ ਹਫ਼ਤਾ ਨਾ ਸੌਣ ਦੀ ਵਜ੍ਹਾ ਕਰਕੇ ਉਸ ਨੂੰ ਵਹਿਮ ਹੋ ਰਿਹਾ ਸੀ। ਇਸੇ ਤਰ੍ਹਾਂ ਕਈ ਮਹੀਨੇ ਬੀਤ ਗਏ ਪਰ ਕੁਝ ਨਹੀਂ ਬਦਲਿਆ। ਕੈਦੀ ਵੀ ਡਰ ਦੇ ਮਾਰੇ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ ਸੀ। ਅਫ਼ਸਰ ਆਉਂਦੇ ਤੇ ਉਸ ਦੀ ਕੁੱਟਮਾਰ ਕਰਕੇ ਚਲੇ ਜਾਂਦੇ। ਨਾ ਉਸ ਦਾ ਕੋਈ ਦੋਸਤ ਸੀ ਤੇ ਨਾ ਕੋਈ ਹਮਦਰਦ। ਹਰ ਦਿਨ ਪਿਛਲੇ ਦਿਨ ਤੋਂ ਮੁਸ਼ਕਲ ਹੁੰਦਾ ਸੀ, ਬੱਸ ਈਦ ਵਾਲੇ ਦਿਨ ਹੀ ਥੋੜੀ ਰਾਹਤ ਮਿਲਦੀ ਸੀ।
ਉਸ ਨੇ ਕਿਹਾ ਕਿ ਪਾਕਿਸਤਾਨੀ ਅਫ਼ਸਰ ਵੀ ਜਾਣਦੇ ਸੀ ਕਿ ਉਹ ਬੇਗੁਨਾਹ ਹੈ ਤੇ ਕਹਿੰਦੇ ਸੀ ਕਿ ਤੂੰ ਪੱਕਾ-ਪਕਾਇਆ ਫਲ਼ ਹੈਂ, ਜੋ ਸਾਡੇ ਹੱਥ ਲੱਗਾ ਹੈਂ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਪਤਾ ਹੈ ਕਿ ਤੇਰਾ ਕੋਈ ਕਸੂਰ ਨਹੀਂ, ਪਰ ਤੂੰ ਇੱਕ ਭਾਰਤੀ ਹੈਂ ਤੇ ਇਸੇ ਕਰਕੇ ਇੱਥੇ ਹੈਂ। ਉਸ ਨੇ ਕਿਹਾ ਕਿ ਦੁਆ ਕਰਨ ਦੇ ਇਲਾਵਾ ਮੇਰੇ ਹੱਥ ਕੁਝ ਨਹੀਂ ਸੀ। ਆਖ਼ਰ ਮੇਰੀ ਦੁਆ ਕਬੂਲ ਹੋਈ ਤੇ ਹੁਣ ਉਹ ਆਪਣੇ ਘਰ ਆਪਣੇ ਪਰਿਵਾਰ ਨਾਲ ਸੁਰੱਖਿਅਤ ਹੈ।