ਅੰਮ੍ਰਿਤਸਰ: ਏਆਈਜੀ ਰਣਧੀਰ ਸਿੰਘ ਉੱਪਲ ਖ਼ਿਲਾਫ਼ ਜਿਣਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਉਣ ਵਾਲੀ ਲਾਅ ਦੀ ਵਿਦਿਆਰਥਣ ਨੇ ਸ਼ਨੀਵਾਰ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਆਪਣੇ ਬਿਆਨ ਬਦਲ ਲਏ। ਉਹ ਆਪਣੇ ਵੱਲੋਂ ਏਆਈਜੀ ’ਤੇ ਲਾਏ ਇਲਜ਼ਾਮਾਂ ਤੋਂ ਸਾਫ ਮੁੱਕਰ ਗਈ। ਉਸ ਨੇ ਕਿਹਾ ਕਿ ਉਹ ਤਣਾਓ ਵਿੱਚ ਸੀ, ਕੁਝ ਲੋਕਾਂ ਨੇ ਵੀ ਉਸ ਨੂੰ ਗਲਤ ਸਲਾਹ ਦੇ ਦਿੱਤੀ ਸੀ ਤੇ ਉਸ ਨੇ ਏਆਈਜੀ ਖਿਲਾਫ ਸ਼ਿਕਾਇਤ ਦੇ ਦਿੱਤੀ। ਹੁਣ ਏਆਈਜੀ ਖ਼ਿਲਾਫ਼ ਦਰਜ ਐਫਆਈਆਰ ਰੱਦ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ। ਯਾਦ ਰਹੇ ਕਿ ਮਾਮਲਾ ਉਜਾਗਰ ਹੋਣ ਬਾਅਦ ਬਣਾਈ ਗਈ ਜਾਂਚ ਕਮੇਟੀ ਦੇ ਸਾਹਮਣੇ ਵੀ ਇਹ ਲਾਅ ਵਿਦਿਆਰਥਣ ਪੇਸ਼ ਨਹੀਂ ਹੋਈ ਸੀ।


ਜ਼ਿਕਰਯੋਗ ਹੈ ਕਿ ਖ਼ਾਲਸਾ ਕਾਲਜ ਦੀ ਵਿਦਿਆਰਥਣ ਨੇ 17 ਸਤੰਬਰ ਨੂੰ ਏਆਈਜੀ ਰਣਧੀਰ ਸਿੰਘ ਉੱਪਲ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਪੀੜਤ ਨੇ ਆਈਜੀ ਵਿਭੂ ਰਾਜ ਸਾਹਮਣੇ ਪੇਸ਼ ਹੋ ਕੇ ਵ੍ਹੱਟਸਐਪ ਚੈਟਿੰਗ, ਮੰਦੀ ਸ਼ਬਦਾਵਲੀ ਵਾਲੀ ਰਿਕਾਰਡਿੰਗ ਤੇ ਵ੍ਹੱਟਸਐਪ ਕਾਲ ਦੀ ਰਿਕਾਰਡਿੰਗ ਸਣੇ ਕਈ ਸਬੂਤ ਪੇਸ਼ ਕੀਤੇ ਸਨ। ਪੁਲਿਸ ਨੇ ਪਹਿਲਾਂ ਤਾਂ ਕੋਈ ਕਾਰਵਾਈ ਨਹੀਂ ਕੀਤੀ ਸੀ, ਪਰ ਬਾਅਦ ਵਿੱਚ ਇੱਕ ਵਿਧਾਇਕ ਨੇ ਮਾਮਲੇ ਵਿੱਚ ਦਖ਼ਲ ਦੇ ਕੇ ਧਰਨਾ ਦੇਣ ਦੀ ਧਮਕੀ ਦਿੱਤੀ ਤਾਂ ਏਆਈਜੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਇਸ ਦੇ ਬਾਅਦ ਏਆਈਜੀ ਖਿਲਾਫ ਪੁਲਿਸ ਵਿਭਾਗ ਨੇ ਕਾਰਵਾਈ ਕਰਦਿਆਂ ਉਸ ਨੂੰ ਮੁਅੱਤਲ ਕਰ ਦਿੱਤਾ ਸੀ। ਉਸ ਦੇ ਖਿਲਾਫ ਲੁਕ ਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਐਫਆਈਆਰ ਦਰਜ ਹੋਣ ਬਾਅਦ ਮਾਲਮਾ ਅਦਾਲਤ ਤਕ ਪੁੱਜਾ। ਸ਼ੂਰੂਆਤ ਵਿੱਚ ਪੀੜਤਾ ਨੂੰ ਬਿਆਨ ਦੇਣ ਲਈ ਅਦਾਲਤ ਬੁਲਾਇਆ ਗਿਆ ਸੀ। ਸ਼ਨੀਵਾਰ ਥਾਣਾ ਕੈਂਟੋਨਮੈਂਟ ਦੇ ਐਸਐਚਓ ਸੰਜੀਵ ਕੁਮਾਰ ਨਾਲ ਲਾਅ ਵਿਦਿਆਰਥਣ ਅਦਾਲਤ ਪੁੱਜੀ ਪਰ ਇੱਥੇ ਉਸ ਨੇ ਆਪਣਾ ਬਿਆਨ ਬਦਲ ਲਿਆ।