ਜਲੰਧਰ: 14 ਸਤੰਬਰ ਨੂੰ ਜਲੰਧਰ ਦੇ ਮਕਸੂਦਾਂ ਪੁਲਿਸ ਥਾਣੇ ਵਿੱਚ ਹੋਏ ਬੰਬ ਧਮਾਕੇ ਵਿੱਚ ਪੁਲਿਸ ਨੂੰ ਲੋੜੀਂਦੇ ਦੋ ਖ਼ਤਰਨਾਕ ਅੱਤਵਾਦੀਆਂ ਨੂੰ ਜੰਮੂ-ਕਸ਼ਮੀਰ ਪੁਲਿਸ ਨੇ ਅਵੰਤੀਪੁਰਾ ’ਚ ਹੋਏ ਮੁਕਾਬਲੇ ਵਿੱਚ ਮਾਰ ਮੁਕਾਇਆ ਹੈ। ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਹਮਲੇ ਵਿੱਚ ਜੈਸ਼-ਏ-ਮੁਹੰਮਦ ਨਾਲ ਸਬੰਧਿਤ ਅੰਸਾਰ ਗ਼ਜ਼ਵਾਤ-ਉਲ-ਹਿੰਦ ਨਾਂ ਦੀ ਕਸ਼ਮੀਰ ਦੀ ਅੱਤਵਾਦੀ ਜਥੇਬੰਦੀ ਨਾਲ ਸਬੰਧਤ ਦੋ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰ ਕੇ ਪੁਲਿਸ ਨੇ ਮਾਮਲਾ ਸੁਲਝਾ ਲਿਆ ਸੀ ਪਰ ਧਮਾਕੇ ਵਿੱਚ ਚਾਰ ਜਣੇ ਸ਼ਾਮਲ ਸੀ, ਜਿਨ੍ਹਾਂ ਵਿੱਚ ਜਲੰਧਰ ਵਿੱਚ ਬੀਟੈੱਕ ਕਰਨ ਵਾਲੇ ਸ਼ਾਹਿਦ ਤੇ ਫਾਜ਼ਿਲ ਅਤੇ ਮੀਰ ਰਾਵੂਫ ਅਹਿਮਦ ਰੌਫ ਤੇ ਮੀਰ ਉਮਰ ਰਮਜ਼ਾਨ ਗਾਜ਼ੀ ਵੀ ਸ਼ਾਮਲ ਸਨ।ਸ਼ਾਹਿਦ ਤੇ ਫਾਜ਼ਿਲ ਨੂੰ ਤਾਂ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਪਰ ਰੌਫ ਤੇ ਮੀਰ ਭਗੌੜੇ ਸਨ।
ਉਹਨਾਂ ਦੱਸਿਆ ਕਿ ਮੀਰ ਤੇ ਰੌਫ ਸਿਖਲਾਈ ਪ੍ਰਾਪਤ ਅੱਤਵਾਦੀ ਸਨ। ਉਹ ਮਕਸੂਦਾਂ ਬੰਬ ਧਮਾਕੇ ਲਈ ਵਿਸ਼ੇਸ਼ ਤੌਰ ’ਤੇ 13 ਸਤੰਬਰ ਨੂੰ ਸ੍ਰੀਨਗਰ ਤੋਂ ਚੰਡੀਗੜ੍ਹ ਹਵਾਈ ਜਹਾਜ਼ ਰਾਹੀਂ ਆਏ ਸਨ। ਦੋਵੇਂ ਅੱਤਵਾਦੀ ਅੱਜ ਅਵੰਤੀਪੁਰਾ ਵਿੱਚ ਹੋਏ ਮੁਕਾਬਲੇ ਵਿੱਚ ਮਾਰੇ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਰਿਕਾਰਡ ਮੁਤਾਬਕ ਉਮਰ ਕਈ ਅੱਤਵਾਦੀ ਘਟਨਾਵਾਂ ਵਿੱਚ ਸ਼ਾਮਲ ਸੀ ਜਦਕਿ ਰੌਫ ਵੀ ਕਈ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਲਈ ਪੁਲਿਸ ਨੂੰ ਲੋੜੀਂਦਾ ਸੀ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਮੁਤਾਬਕ ਜੰਮੂ ਕਸ਼ਮੀਰ ਪੁਲਿਸ ਨੇ ਟੈਲੀਫੋਨ ’ਤੇ ਦੋਵੇਂ ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ। ਹੁਣ ਜੰਮੂ ਕਸ਼ਮੀਰ ਪੁਲਿਸ ਤੋਂ ਲਿਖਤੀ ਰਿਪੋਰਟ ਆਉਣ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।