ਅੰਮ੍ਰਿਤਸਰ: ਆਨਲਾਈਨ ਖ਼ਰੀਦੋ-ਫ਼ਰੋਖ਼ਤ ਦੀ ਮਸ਼ਹੂਰ ਵੈੱਬਸਾਈਟ ਐਮਾਜ਼ੋਨ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ 'ਤੇ ਮੁਆਫ਼ੀ ਮੰਗੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਗਏ ਕਾਨੂੰਨੀ ਨੋਟਿਸ ਦਾ ਜਵਾਬ ਦਿੰਦਿਆਂ ਐਮਾਜ਼ੋਨ ਨੇ ਆਪਣੀ ਗ਼ਲਤੀ ਦਾ ਪ੍ਰਗਟਾਵਾ ਕੀਤਾ ਹੈ।


ਦਰਅਸਲ, ਐਮਾਜ਼ੋਨ ਦੀ ਅਮਰੀਕਾ ਤੇ ਕੈਨੇਡਾ ਲਈਦਰਬਾਰ ਸਾਹਿਬ ਦੀ ਤਸਵੀਰ ਨੂੰ ਮਲ ਤਿਆਗਣ ਵਾਲੀ ਸੀਟ ਅਤੇ ਪਾਏਦਾਨ 'ਤੇ ਦਰਸਾਇਆ ਸੀ। ਐਮਾਜ਼ੋਨ ਕਿਹਾ ਹੈ ਕਿ ਟੌਇਲਟ ਸੀਟ 'ਤੇ ਦਿਖਾਈਆਂ ਗਈਆਂ ਉਕਤ ਤਸਵੀਰਾਂ ਉਨ੍ਹਾਂ ਵੱਲੋਂ ਨਹੀਂ ਬਲਕਿ ਤੀਜੀ ਧਿਰ ਨੇ ਪਾਈਆਂ ਹਨ। ਕੰਪਨੀ ਦੇ ਸੀਨੀਅਰ ਕਾਨੂੰਨੀ ਸਲਾਹਕਾਰ ਰਾਹੁਲ ਸੁੰਦਰਮ ਨੇ ਦੋ ਸਫ਼ਿਆਂ ਦੀ ਚਿੱਠੀ ਲਿਖ ਕੇ ਐਸਜੀਪੀਸੀ ਅੱਗੇ ਆਪਣਾ ਪੱਖ ਸਾਫ਼ ਕੀਤਾ ਹੈ।



ਉਨ੍ਹਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਣ ਕਾਰਨ ਅਫਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਕੰਪਨੀ ਦੀ ਵੈੱਬਸਾਈਟ ਤੋਂ ਵਿਵਾਦਤ ਉਤਪਾਦ ਹਟਾ ਦਿੱਤੇ ਗਏ ਹਨ। ਸ਼੍ਰੋਮਣੀ ਕਮੇਟੀ ਨੂੰ ਭੇਜੇ ਗਏ ਪੱਤਰ ਰਾਹੀਂ ਕੰਪਨੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਉਹ ਹਰ ਧਰਮ ਦਾ ਸਤਿਕਾਰ ਕਰਦੇ ਹਨ ਅਤੇ ਤੀਜੀ ਧਿਰ ਵੱਲੋਂ ਕੀਤੀ ਗਲਤੀ ਲਈ ਉਨ੍ਹਾਂ ਨੂੰ ਬੇਹੱਦ ਅਫਸੋਸ ਹੈ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਕੰਪਨੀ ਵੱਲੋਂ ਭੇਜਿਆ ਪੱਤਰ ਸ਼੍ਰੋਮਣੀ ਕਮੇਟੀ ਨੂੰ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਡਾਇਰੈਕਟਰ ਪਬਲਿਕ ਰੀਲੇਸ਼ਨ ਮਿਸਟਰ ਅਵਿਨਾਸ਼ ਰਾਮਚੰਦਰ ਨੇ ਉਨ੍ਹਾਂ ਨਾਲ ਫੋਨ ’ਤੇ ਗੱਲ ਵੀ ਕੀਤੀ ਹੈ ਅਤੇ ਹੋਈ ਗ਼ਲਤੀ ਲਈ ਸਿੱਖ ਜਗਤ ਪਾਸੋਂ ਖਿਮਾ ਜਾਚਨਾ ਕੀਤੀ ਹੈ।

ਮੁੱਖ ਸਕੱਤਰ ਅਨੁਸਾਰ ਕੰਪਨੀ ਨੇ ਅੱਗੇ ਤੋਂ ਸੁਚੇਤ ਰਹਿਣ ਦਾ ਭਰੋਸਾ ਦਿਵਾਉਂਦਿਆਂ ਕਿਹਾ ਹੈ ਕਿ ਜੇਕਰ ਅੱਗੇ ਤੋਂ ਕੋਈ ਤੀਜੀ ਧਿਰ ਅਜਿਹਾ ਕਰਦੀ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।