ਚੰਡੀਗੜ੍ਹ: ਚੋਣ ਕਮਿਸ਼ਨ ਨੇ 30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਲਈ 27,819 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਖਾਰਜ ਕਰ ਦਿੱਤੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਪੰਚ ਦੀਆਂ ਸੀਟਾਂ ਲਈ 20,791 ਉਮੀਦਵਾਰ ਮੈਦਾਨ ਵਿੱਚੋਂ ਬਾਹਰ ਹੋਏ ਹਨ। ਪੰਚ ਦੇ ਅਹੁਦੇ ਲਈ ਕੁੱਲ 1,65,453 ਨਾਮਜ਼ਦਗੀ ਵਿੱਚੋਂ 1,44,662 ਨਾਮਜ਼ਦਗੀਆਂ ਸਹੀ ਮਿਲੀਆਂ ਹਨ।
ਇਸੇ ਤਰ੍ਹਾਂ ਸਰਪੰਚ ਦੀ ਸੀਟ ਲਈ ਵੀ 7,028 ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਹਨ। ਕੱਲ੍ਹ ਦੇਰ ਸ਼ਾਮ ਤਕ ਕੁੱਲ 49,261 ਨਾਮਜ਼ਦਗੀਆਂ ਦਾਖਲ ਹੋਈਆਂ। ਜਾਣਕਾਰੀ ਮੁਤਾਬਕ 13,276 ਪੰਚਾਇਤਾਂ ਲਈ ਚੋਣਾਂ ਹੋਣੀਆਂ ਹਨ।
ਕੱਲ੍ਹ ਚੋਣ ਦਫਤਰ ਡਾਟਾ ਇਕੱਠਾ ਨਹੀਂ ਕਰ ਸਕਿਆ। ਇੱਕ ਸੀਨੀਅਰ ਅਫ਼ਸਰ ਨੇ ਦੱਸਿਆ ਕਿ ਉਹ ਅਜੇ ਵੀ ਅੰਕੜੇ ਤਿਆਰ ਕਰ ਰਹੇ ਹਨ ਤੇ ਅੱਜ ਸ਼ਾਮ ਤਕ ਪੂਰੀ ਰਿਪੋਰਟ ਪਤਾ ਚੱਲ ਜਾਏਗੀ। ਉਨ੍ਹਾਂ ਦੱਸਿਆ ਕਿ ਅੰਤਿਮ ਗਿਣਤੀ ਵਿੱਚ ਥੋੜ੍ਹਾ ਘਾਟਾ-ਵਾਧਾ ਹੋ ਸਕਦਾ ਹੈ।
ਵੱਡੇ ਪੱਧਰ ’ਤੇ ਨਾਮਜ਼ਗੀਆਂ ਰੱਦ ਕਰਨ ਸਬੰਧੀ ਅਕਾਲੀ ਦਲ ਨੇ ਕਾਂਗਰਸ ਸਰਕਾਰ ’ਤੇ ਕਈ ਇਲਜ਼ਾਮ ਲਾਏ ਹਨ। ਬੀਤੇ ਦਿਨ ਅਕਾਲੀ ਦਲ ਨੇ ਫਿਰੋਜ਼ਪੁਰ ਡੀਸੀ ਦੀ ਰਿਹਾਇਸ਼ ਬਾਹਰ ਧਰਨਾ ਵੀ ਦਿੱਤਾ ਤੇ 3 ਘੰਟਿਆਂ ਤਕ ਕੌਮੀ ਮਾਰਗ ਰੋਕੀ ਰੱਖਿਆ ਸੀ। ਚੋਣ ਦਫ਼ਤਰ ਦੇ ਅਧਿਕਾਰੀ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਚੋਣਾਂ ਦੀ ਪ੍ਰਕਿਰਿਆ ਵਿੱਚ ਕੋਈ ਪੱਖਪਾਤ ਨਹੀਂ ਕੀਤਾ ਜਾ ਰਿਹਾ, ਫਿਰ ਵੀ ਜਿਨ੍ਹਾਂ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਭਾਰਤੀ ਚੋਣ ਕਮਿਸ਼ਨ ਕੋਲ ਜਾ ਸਕਦੇ ਹਨ।