ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਬਾਗੀ ਅਗਲੇ ਦਿਨਾਂ ਵਿੱਚ ਇੱਕ ਹੋਰ ਵੱਡਾ ਧਮਾਕਾ ਕਰਨ ਜਾ ਰਹੇ ਹਨ। ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਤੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੇ ਪੰਜਾਬ ਮੰਚ ਨਾਲ ਮਿਲ ਕੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਬਣਾਉਣ ਮਗਰੋਂ ਹੁਣ ਬਾਗੀ ਵਿਧਾਇਕ ਸੁਖਪਾਲ ਖਹਿਰਾ ਨਵੇਂ ਪਾਰਟੀ ਦਾ ਐਲਾਨ ਕਰਨ ਜਾ ਰਹੇ ਹਨ। ਨਵੀਂ ਪਾਰਟੀ ਬਣਨ ਨਾਲ 'ਆਪ' ਨੂੰ ਖੋਰਾ ਲੱਗਣ ਦਾ ਆਸਾਰ ਹਨ।
'ਆਪ' ਦੇ ਮੁਅੱਤਲ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸ਼ਨੀਵਾਰ ਨੂੰ ਖੁਲਾਸਾ ਕੀਤਾ ਕਿ ਉਹ ਜਨਵਰੀ 2019 ਦੇ ਪਹਿਲੇ ਹਫਤੇ ਆਪਣੀ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰ ਦੇਣਗੇ। ਉਨ੍ਹਾਂ ਕਿਹਾ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਹਨ, ਜਿਸ ਕਾਰਨ ਉਹ ਨਵੇਂ ਵਰ੍ਹੇ ਦੇ ਸ਼ੁਰੂ ਵਿੱਚ ਆਪਣੀ ਪਾਰਟੀ ਬਣਾ ਕੇ ਸਰਗਰਮੀਆਂ ਵਿੱਢ ਦੇਣਗੇ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਖਹਿਰਾ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਲੋਕ ਸਭਾ ਦੀ ਚੋਣ ਲੜ ਸਕਦੇ ਹਨ।
ਯਾਦ ਰਹੇ ਪਹਿਲਾਂ ਬਾਗੀ ਧੜੇ ਵੱਲੋਂ 16 ਦਸੰਬਰ ਨੂੰ ਪਟਿਆਲਾ ਵਿੱਚ ਇਨਸਾਫ ਮਾਰਚ ਦੀ ਸਮਾਪਤੀ ਮੌਕੇ ਨਵੀਂ ਸਿਆਸੀ ਪਾਰਟੀ ਬਣਾਉਣ ਤਿਆਰੀ ਸੀ ਪਰ ਉਸ ਵੇਲੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦਾ ਐਲਾਨ ਕਰਕੇ ਸਾਰ ਦਿੱਤਾ ਸੀ। ਇਸ ਮਗਰੋਂ ਬਾਗੀ ਧੜੇ ਨੇ ਮਹਿਸੂਸ ਕੀਤਾ ਹੈ ਕਿ ਵੱਖਰੀ ਪਾਰਟੀ ਬਣਾਉਣ ਬਿਨਾ ਕੋਈ ਚਾਰਾ ਨਹੀਂ।
ਦਿਲਚਸਪ ਗੱਲ਼ ਹੈ ਕਿ ਬਾਗੀ ਧੜੇ ਵਿੱਚ ਕੁਝ ਮਤਭੇਦ ਨਜ਼ਰ ਆ ਰੇ ਹਨ। ਸ਼ਨੀਵਾਰ ਨੂੰ ਵੀ ਦੋ ਵਧਾਇਕ ਹਾਜ਼ਰ ਨਹੀਂ ਰਹੇ। ਖਹਿਰਾ ਨਾਲ ਪੰਜ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਕੰਵਰ ਸੰਧੂ, ਮਾਸਟਰ ਬਲਦੇਵ ਸਿੰਘ, ਪਿਰਮਲ ਸਿੰਘ ਖਾਲਸਾ ਤੇ ਜਗਦੇਵ ਸਿੰਘ ਕਮਾਲੂ ਨੇ ਹੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਤੇ ਜਗਤਾਰ ਸਿੰਘ ਜੱਗਾ ਹਾਜ਼ਰ ਨਹੀਂ ਸਨ।
ਅਹਿਮ ਗੱਲ਼ ਇਹ ਵੀ ਹੈ ਕਿ ਖਹਿਰਾ ਨੇ ਕਿਹਾ ਹੈ ਕਿ ਨਵੀਂ ਪਾਰਟੀ ਬਣਾਉਣ ਵੇਲੇ ਬਾਗੀ ਧੜੇ ਦੇ ਵਿਧਾਇਕ ਅਸਤੀਫੇ ਨਹੀਂ ਦੇਣਗੇ ਕਿਉਂਕਿ ਉਹ ਅਸਤੀਫੇ ਦੇ ਕੇ ਅੱਠ ਹਲਕਿਆਂ ਵਿਚ ਜ਼ਿਮਨੀ ਚੋਣਾਂ ਕਰਵਾਉਣ ਦਾ ਸਰਕਾਰ ਉਪਰ ਬੋਝ ਨਹੀਂ ਪਾਉਣਗੇ ਤੇ ਨਾ ਹੀ ਅਜਿਹਾ ਕਰ ਕੇ ਅਕਾਲੀ ਦਲ ਨੂੰ ਮੁੱਖ ਵਿਰੋਧੀ ਧਿਰ ਬਣਨ ਦਾ ਰਾਹ ਸਾਫ਼ ਕਰਨਗੇ।