ਦੁਨੀਆ ਦੀ ਸਭ ਤੋਂ ਵੱਡੀ ਮੂਰਤੀ,ਗਿਨੀਜ਼ ਬੁੱਕ 'ਚ ਨਾਂ ਦਰਜ..
ਇਹ ਮੂਰਤੀ ਸਟੀਲ ਦੀ ਬਣੀ ਹੋਈ ਹੈ ਅਤੇ ਧਾਤ ਦੇ ਟੱੁਕੜਿਆਂ ਨੂੰ ਜੋੜ ਕੇ ਇਸ ਨੂੰ ਤਿਆਰ ਕੀਤਾ ਗਿਆ ਹੈ। ਇਸ ਮੂਰਤੀ ਦਾ ਵਜ਼ਨ 500 ਟਨ ਹੈ। ਇਸ ਤੋਂ ਪਹਿਲਾਂ ਇਸ ਤਕਨੀਕ ਦਾ ਕਿਤੇ ਇਸਤੇਮਾਲ ਨਹੀਂ ਕੀਤਾ ਗਿਆ। ਨੰਦੀ ਨੂੰ ਵੀ ਬੜੇ ਖ਼ਾਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਧਾਤ ਦੇ 6 ਤੋਂ 9 ਇੰਚ ਵੱਡੇ ਟੁੱਕੜਿਆਂ ਨੂੰ ਜੋੜ ਕੇ ਨੰਦੀ ਦਾ ਉੱਪਰੀ ਹਿੱਸਾ ਤਿਆਰ ਕੀਤਾ ਗਿਆ ਹੈ।
ਚੇਨਈ :ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਸ ਨੇ ਈਸ਼ਾ ਯੋਗਾ ਫਾਊਂਡੇਸ਼ਨ ਸਥਿਤ 112 ਫੁੱਟ ਉੱਚੀ ਭਗਵਾਨ ਸ਼ਿਵ ਦੀ ਮੂਰਤੀ ਨੂੰ ਦੁਨੀਆ ਦੀ ਸਭ ਤੋਂ ਵੱਡੀ ਮੂਰਤੀ ਐਲਾਨਿਆ ਹੈ। ਗਿਨੀਜ਼ ਬੁੱਕ ਨੇ ਇਹ ਐਲਾਨ ਆਪਣੀ ਵੈੱਬਸਾਈਟ 'ਤੇ ਕੀਤਾ ਹੈ।
ਦੁਨੀਆ 'ਚ ਭਗਵਾਨ ਸ਼ੰਕਰ ਦੀ 112 ਫੁੱਟ ਦੀ ਇਹ ਇਕੋ ਇਕ ਮੂਰਤੀ ਹੈ ਜਿਸ ਵਿਚ ਉਨ੍ਹਾਂ ਦਾ ਚਿਹਰਾ ਹੈ। ਇਹ ਮੂਰਤੀ 112.4 ਫੁੱਟ ਉੱਚੀ, 24.99 ਮੀਟਰ ਚੌੜੀ ਅਤੇ 147 ਫੁੱਟ ਲੰਬੀ ਹੈ। ਈਸ਼ਾ ਫਾਊਂਡੇਸ਼ਨ ਮੁਤਾਬਿਕ ਇਹ ਮਿਆਰੀ ਚਿਹਰਾ ਮੁਕਤੀ ਦਾ ਪ੍ਰਤੀਕ ਹੈ ਅਤੇ ਉਨ੍ਹਾਂ 112 ਮਾਰਗਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਨਾਲ ਇਨਸਾਨ ਯੋਗ ਵਿਗਿਆਨ ਦੇ ਜ਼ਰੀਏ ਆਪਣੀ ਪਰਮ ਪ੍ਰਕਿ੍ਰਤੀ ਨੂੰ ਪ੍ਰਾਪਤ ਕਰ ਸਕਦਾ ਹੈ।
ਈਸ਼ਾ ਯੋਗਾ ਫਾਊਂਡੇਸ਼ਨ ਨੇ ਤਾਮਿਲਨਾਡੂ ਦੇ ਕੋਇੰਬਟੂਰ ਵਿਖੇ ਇਸ ਮੂਰਤੀ ਦੀ ਸਥਾਪਨਾ ਕੀਤੀ ਹੈ ਜਿਸ ਦਾ ਉਦਘਾਟਨ ਇਸ ਸਾਲ 24 ਫਰਵਰੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਈਸ਼ਾ ਯੋਗਾ ਫਾਊਂਡੇਸ਼ਨ ਦਾ ਸੰਚਾਲਨ ਧਾਰਮਿਕ ਗੁਰੂ ਜੱਗੀ ਵਾਸੂਦੇਵ ਕਰ ਰਹੇ ਹਨ। ਹਜ਼ਾਰਾਂ ਲੋਕ ਰੋਜ਼ਾਨਾ ਇਸ ਮੂਰਤੀ ਨੂੰ ਵੇਖਣ ਲਈ ਆਉਂਦੇ ਹਨ।
ਈਸ਼ਾ ਫਾਊਂਡੇਸ਼ਨ ਵੱਲੋਂ ਦੇਸ਼ ਭਰ 'ਚ ਇੰਨੀ ਉੱਚਾਈ ਦੀਆਂ ਤਿੰਨ ਹੋਰ ਮੂਰਤੀਆਂ ਸਥਾਪਿਤ ਕਰਨ ਦੀ ਯੋਜਨਾ ਹੈ। 17 ਅਕਤੂਬਰ, 2006 ਨੂੰ ਈਸ਼ਾ ਯੋਗੀ ਫਾਊਂਡੇਸ਼ਨ ਨੇ 8.52 ਲੱਖ ਬੂਟੇ ਲਗਾ ਕੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਪਹਿਲੀ ਵਾਰ ਆਪਣਾ ਨਾਂ ਦਰਜ ਕਰਵਾਇਆ ਸੀ।