ਬਰਛੇ ਨਾਲ ਇਸ ਵਿਅਕਤੀ ਨੇ ਕੀਤਾ ਸੀ ਭਾਲੂ ਦਾ ਸ਼ਿਕਾਰ..ਉੱਠਿਆ ਵੱਡਾ ਬਵਾਲ
ਵੀਡੀਓ 'ਚ ਦਿਖਾਈ ਦੇ ਰਿਹਾ ਸੀ ਕਿ ਸ਼ਿਕਾਰੀ ਨੇ ਪਹਿਲਾਂ ਤਾਂ ਬਰਛੇ ਨਾਲ ਭਾਲੂ ਦਾ ਸ਼ਿਕਾਰ ਕੀਤਾ ਅਤੇ ਫਿਰ ਉਹ ਸ਼ਿਕਾਰ ਦੀ ਖ਼ੁਸ਼ੀ 'ਚ ਉਹ ਨੱਚ ਰਿਹਾ ਹੈ। ਭਾਲੂ ਪ੍ਰਤੀ ਇਸ ਤਰ੍ਹਾਂ ਦਰਿੰਦਗੀ ਦਿਖਾਉਣ ਤੋਂ ਬਾਅਦ ਹੀ ਵਿਵਾਦ ਨੇ ਜ਼ੋਰ ਫੜਿਆ ਹੈ ਅਤੇ ਲੋਕ ਇਸ ਤਰ੍ਹਾਂ ਜਾਨਵਰਾਂ ਦੇ ਸ਼ਿਕਾਰ 'ਤੇ ਪਾਬੰਦੀ ਦੀ ਮੰਗ ਕਰ ਰਹੇ ਹਨ।
ਐਡਮਿੰਟਨ— ਅਲਬਰਟਾ 'ਚ ਇਨ੍ਹੀਂ-ਦਿਨੀਂ ਇੱਕ ਵੀਡੀਓ ਕਾਰਨ ਕਾਫੀ ਵਿਵਾਦ ਪੈਦਾ ਹੋਇਆ ਹੈ। ਇਸ ਪਿੱਛੇ ਦਾ ਕਾਰਨ ਇੱਕ ਸ਼ਿਕਾਰੀ ਵਲੋਂ ਜਾਨਵਰ ਦਾ ਸ਼ਿਕਾਰ ਕਰਨਾ ਹੈ। ਇਹ ਜਾਨਵਰ ਇੱਕ ਕਾਲਾ ਭਾਲੂ ਸੀ ਅਤੇ ਸ਼ਿਕਾਰੀ ਨੇ ਇਸ ਦੀ ਸ਼ਿਕਾਰ ਇੱਕ ਬਰਛੇ ਨਾਲ ਕੀਤਾ ਸੀ। ਅਮਰੀਕਾ ਦੇ ਰਹਿਣ ਵਾਲੇ ਇਸ ਸ਼ਿਕਾਰੀ ਵਲੋਂ ਸ਼ਿਕਾਰ ਦੀ ਇੱਕ ਵੀਡੀਓ ਵੀ ਬਣਾਈ ਗਈ ਸੀ ਅਤੇ ਉਸ ਨੇ ਇਸ ਨੂੰ ਸੋਸ਼ਲ ਸਾਈਟ ਯੂ-ਟਿਊਬ 'ਤੇ ਪਾਇਆ ਸੀ, ਜਿਸ ਤੋਂ ਬਾਅਦ ਹੁਣ ਇਸ ਵੀਡੀਓ ਨੇ ਵਿਵਾਦ ਪੈਦਾ ਕਰ ਦਿੱਤਾ ਹੈ।
ਇਸ ਸੰਬੰਧ 'ਚ ਵਿਭਾਗ ਨੇ ਇਸ ਸਾਲ ਪਤਝੜ ਦੀ ਰੁੱਤ ਦੌਰਾਨ ਬਰਛੇ ਨਾਲ ਸ਼ਿਕਾਰ 'ਤੇ ਰੋਕ ਲਗਾਉਣ ਲਈ ਕਾਨੂੰਨ ਬਣਾਉਣ ਬਾਰੇ ਵੀ ਗੱਲ ਕਹੀ ਹੈ। ਇਸ ਦੇ ਨਾਲ ਹੀ ਵਿਭਾਗ ਨੇ ਮੱਛੀ ਅਤੇ ਜੰਗਲਾਤ ਮਹਿਕਮੇ ਦੇ ਅਫਸਰਾਂ ਨੂੰ ਪੂਰੀ ਘਟਨਾ ਦੀ ਜਾਂਚ ਕਰਨ ਦੇ ਹੁਕਮ ਵੀ ਦਿੱਤੇ ਹਨ। ਅਲਬਰਟਾ 'ਚ ਬਰਛੇ ਨਾਲ ਕਿਸੇ ਜਾਨਵਰ ਦੇ ਸ਼ਿਕਾਰ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇੱਥੇ ਲੋਕਾਂ ਵਲੋਂ ਇਸ ਤਰ੍ਹਾਂ ਸ਼ਿਕਾਰ ਕੀਤਾ ਜਾਂਦਾ ਰਿਹਾ ਹੈ, ਕਿਉਂਕਿ ਬਰਛੇ ਨਾਲ ਜਾਨਵਰਾਂ ਦਾ ਸ਼ਿਕਾਰ 'ਤੇ ਇੱਥੇ ਕੋਈ ਵੀ ਕਾਨੂੰਨੀ ਰੋਕ ਨਹੀਂ ਲੱਗੀ ਹੋਈ ਹੈ।
ਜੋਸ਼ ਬੋਮਰ ਨਾਮੀ ਇਸ ਸ਼ਿਕਾਰੀ ਨੇ ਇਹ ਵੀਡੀਓ ਜੂਨ ਮਹੀਨੇ ਯੂ-ਟਿਊਬ 'ਤੇ ਪੋਸਟ ਕੀਤੀ ਸੀ ਅਤੇ ਇਸ ਸੰਬੰਧ 'ਚ ਇਹ ਮੰਨਿਆ ਜਾ ਰਿਹਾ ਹੈ ਕਿ ਉਸ ਨੇ ਭਾਲੂ ਦਾ ਸ਼ਿਕਾਰ ਮਈ ਮਹੀਨੇ ਉੱਤਰ-ਪੂਰਬੀ ਐਡਮਿੰਟਨ 'ਚ ਕੀਤਾ ਸੀ। ਉੱਧਰ ਇਸ ਵੀਡੀਓ ਬਾਰੇ ਅਲਬਰਟਾ ਦੇ ਵਾਤਾਵਰਣ ਅਤੇ ਪਾਰਕਸ ਬਾਰੇ ਮੰਤਰਾਲੇ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਸ਼ਿਕਾਰੀ ਵਲੋਂ ਭਾਲੂ ਦਾ ਸ਼ਿਕਾਰ ਕੀਤਾ ਗਿਆ ਸੀ, ਉਹ ਬਿਲਕੁਲ ਬਰਦਾਸ਼ਤ ਤੋਂ ਬਾਹਰ ਹੈ।