ਰੌਬਟ


ਚੰਡੀਗੜ੍ਹ: ਕੋਰੋਨਾ ਮਹਾਮਾਰੀ ਵਿਸ਼ਵ ਭਰ ਦੇ ਤਮਾਮ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਲੋਕਾਂ ਦੇ ਨਾਲ-ਨਾਲ ਸਰਕਾਰਾਂ ਇਸ ਤੋਂ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਕੋਸ਼ਿਸ਼ਾਂ ਕਰ ਰਹੀਆਂ ਹਨ। ਅਮਰੀਕਾ, ਇਟਲੀ, ਫਰਾਂਸ, ਜਰਮਨੀ, ਸਪੇਨ ਸਮੇਤ ਯੂਰਪ ਦੇ ਕਈ ਵਿਕਸਤ ਦੇਸ਼ਾਂ ਵਿੱਚ ਲੌਕਡਾਉਨ ਦੀ ਸਥਿਤੀ ਹੈ। ਇਸ ਦੌਰਾਨ, ਯੂਰਪ ਵਿੱਚ ਇੱਕੋ ਦੇਸ਼ ਹੈ ਜੋ ਕੋਰੋਨਾਵਾਇਰਸ ਤੋਂ ਪ੍ਰੇਸ਼ਾਨ ਨਹੀਂ।


ਬੇਲਾਰੂਸ ਵਿੱਚ, ਕੋਰੋਨਾਵਾਇਰਸ ਦੇ ਖੌਫ ਦੌਰਾਨ ਲੋਕਾਂ ਦਾ ਰੋਜ਼ਾਨਾ ਜੀਵਨ ਆਮ ਦਿਨਾਂ ਵਾਂਗ ਚੱਲ ਰਿਹਾ ਹੈ। ਸਰਕਾਰ ਆਪਣੇ ਨਾਗਰਿਕਾਂ ਨੂੰ ਨਾ ਘਬਰਾਉਣ ਦੀ ਸਲਾਹ ਦੇ ਰਹੀ ਹੈ। ਇੱਥੇ ਲੋਕ ਆਮ ਦਿਨਾਂ ਵਾਂਗ ਆਪਣੇ ਕੰਮ 'ਤੇ ਜਾ ਰਹੇ ਹਨ। ਇੱਥੇ ਹੋਣ ਵਾਲੀ ਫੁਟਬਾਲ ਚੈਂਪੀਅਨਸ਼ਿਪ ਵੀ ਕੋਰੋਨਾਵਾਇਰਸ ਦੇ ਡਰੋਂ ਰੱਦ ਨਹੀਂ ਕੀਤੀ ਗਈ। ਮਨੋਰੰਜਨ ਦੇ ਸਾਧਨ ਵੀ ਆਮ ਦਿਨਾਂ ਵਾਂਗ ਖੁੱਲ੍ਹੇ ਹੁੰਦੇ ਹਨ। ਸਿਨੇਮਾ ਘਰ ਤੇ ਜਨਤਕ ਪ੍ਰੋਗਰਾਮਾਂ 'ਤੇ ਕੋਈ ਪਾਬੰਦੀ ਨਹੀਂ।

ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸੈਂਕੋ ਦਾ ਮੰਨਣਾ ਹੈ ਕਿ ਫਿਲਹਾਲ ਕੋਰੋਨਾ ਨਾਲ ਨਜਿੱਠਣ ਲਈ ਸਾਵਧਾਨੀ ਦੇ ਉਪਾਅ ਕਰਨ ਦੀ ਜ਼ਰੂਰਤ ਨਹੀਂ। ਹਾਲਾਂਕਿ, ਵਿਦੇਸ਼ਾਂ ਤੋਂ ਇੱਥੇ ਆਉਣ ਵਾਲੇ ਸਾਰੇ ਲੋਕਾਂ ਦੇ ਕੋਰੋਨਾਵਾਇਰਸ ਟੈਸਟ ਕੀਤੇ ਜਾ ਰਹੇ ਹਨ। ਰਾਸ਼ਟਰਪਤੀ ਕੋਰੋਨਾ ਵਾਇਰਸ ਕਾਰਨ ਹੋਏ ਮਾਨਸਿਕ ਤਣਾਅ ਨੂੰ ਬਹੁਤ ਸਹਿਜ ਨਾਲ ਲੈਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਦਿਮਾਗੀ ਤਣਾਅ ਕੋਰੋਨਾਵਾਇਰਸ ਨਾਲੋਂ ਵਧੇਰੇ ਖ਼ਤਰਨਾਕ ਹੈ।

ਰਾਸ਼ਟਰਪਤੀ ਨੇ ਦੇਸ਼ ਦੀ ਖੁਫੀਆ ਏਜੰਸੀ ਨੂੰ ਅਫਵਾਹਾਂ ਤੇ ਝੂਠੀਆਂ ਖਬਰਾਂ ਫੈਲਾਉਣ ਵਾਲਿਆਂ ਨੂੰ ਨੱਥ ਪਾਉਣ ਲਈ ਇੱਕ ਫ਼ਰਮਾਨ ਜਾਰੀ ਕੀਤਾ ਹੈ। ਰਾਜਧਾਨੀ ਮਿੰਸਕ ਵਿੱਚ ਚੀਨੀ ਰਾਜਦੂਤ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਕਿਹਾ ਕਿ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਪਰ ਲੋਕਾਂ ਵਿੱਚ ਦਹਿਸ਼ਤ ਫੈਲਣ ਨੂੰ ਰੋਕਿਆ ਜਾਣਾ ਚਾਹੀਦਾ ਹੈ। ਹਾਲਾਂਕਿ, ਐਸਾ ਨਹੀਂ ਹੈ ਕਿ ਇਸ ਜਗ੍ਹਾ ਦੇ ਨਾਗਰਿਕ ਵਿਸ਼ਵ ਵਿੱਚ ਹੋ ਰਹੀਆਂ ਘਟਨਾਵਾਂ ਤੋਂ ਅਣਜਾਣ ਹਨ।