ਨਵੀਂ ਦਿੱਲੀ: ਦਿੱਲੀ ਦੇ ਆਨੰਦ ਪਰਬਤ ਇਲਾਕੇ ਵਿੱਚ 63 ਸਾਲ ਦੇ ਬਜ਼ੁਰਗ ਬੰਧੂ ਸਿੰਘ ਨੂੰ ਚੋਰੀ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਲਗਪਗ ਇੱਕ ਦਹਾਕੇ ਪਹਿਲਾਂ ਬੰਧੂ ਸਿੰਘ ਨੂੰ ਉਸ ਦੀ ਪ੍ਰੇਮਿਕਾ ਨੇ ਇਸ ਲਈ ਛੱਡ ਦਿੱਤਾ ਸੀ ਕਿਉਂਕਿ ਉਸ ਕੋਲ ਜ਼ਿਆਦਾ ਪੈਸੇ ਨਹੀਂ ਸਨ। ਉਦੋਂ ਤੋਂ ਹੀ ਉਸ ਨੇ ਮਨ ਬਣਾ ਲਿਆ ਸੀ ਕਿ ਪਿਆਰ ਦੇ ਰਸਤੇ ਵਿੱਚ ਕਦੀ ਪੈਸਾ ਨਹੀਂ ਆਉਣਾ ਚਾਹੀਦਾ। ਇਸ ਲਈ ਉਸ ਨੂੰ ਚੋਰੀ ਕਰਨਾ ਸਭ ਤੋਂ ਆਸਾਨ ਤਰੀਕਾ ਸੁੱਝਿਆ। ਦੱਸਿਆ ਜਾ ਰਿਹਾ ਹੈ ਕਿ ਬੰਧੂ ਸਿੰਘ ਦੀਆਂ ਪੰਜ ਪ੍ਰੇਮਿਕਾਵਾਂ ਹਨ ਜਿਨ੍ਹਾਂ ਨੂੰ ਖੁਸ਼ ਰੱਖਣ ਲਈ ਉਹ ਚੋਰੀਆਂ ਕਰ ਰਿਹਾ ਸੀ। ਪਹਿਲਾਂ ਉਸ ਨੇ ਛੋਟੇ ਪੱਧਰ ਤੋਂ ਚੋਰੀਆਂ ਕਰਨ ਦੀ ਸ਼ੁਰੂਆਤ ਕੀਤੀ ਪਰ ਫੜੇ ਨਾ ਜਾਣ ’ਤੇ ਇਹ ਪੱਧਰ ਵਧਦਾ ਗਿਆ। ਬੰਧੂ ਨੇ ਉੱਤਰੀ ਦਿੱਲੀ ਦੇ ਇਲਾਕੇ ਵਿੱਚ ਵੱਡੇ ਪੈਮਾਨੇ ’ਤੇ ਚੋਰੀਆਂ ਕੀਤੀਆਂ। ਉਹ ਉਨ੍ਹਾਂ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀ ਜਿਨ੍ਹਾਂ ਘਰਾਂ ਵਿੱਚ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੁੰਦੇ ਪਰ ਇੱਕ ਦਿਨ ਉਸ ਨੇ ਸੀਸੀਟੀਵੀ ਨੂੰ ਬਲਬ ਸਮਝ ਕੇ ਛੱਡ ਦਿੱਤਾ ਤੇ ਉਸ ਦੇ ਸਾਰੇ ਕਾਰਨਾਮਿਆਂ ਦਾ ਪਰਦਾਫਾਸ਼ ਹੋ ਗਿਆ। ਸੀਸੀਟੀਵੀ ਸਹਾਰੇ ਪੁਲਿਸ ਨੇ ਆਸਾਨੀ ਨਾਲ ਉਸ ਦੀ ਭਾਲ਼ ਕਰ ਲਈ। ਹਾਲ ਹੀ ਵਿੱਚ ਉਸ ਨੇ ਦਿੱਲੀ ਜਗਦੀਸ਼ ਕੁਮਾਰ ਦੀ ਫੈਕਟਰੀ ਵਿੱਚੋਂ 60 ਹਜ਼ਾਰ ਦੀ ਨਕਦੀ, ਕਈ ਲੈਪਟੌਪ ਤੇ ਹੋਰ ਕੀਮਤੀ ਸਾਮਾਨ ਚੋਰੀ ਕੀਤਾ ਸੀ। ਜਗਦੀਸ਼ ਨੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਿਸ ਮਗਰੋਂ ਪੁਲਿਸ ਨੇ ਇੱਕ ਟੀਮ ਬਣਾ ਕੇ ਇਸ ਮਾਮਲੇ ਨੂੰ ਸੁਲਝਾਉਣ ਦੀ ਯੋਜਨਾ ਬਣਾਈ। ਫੈਕਟਰੀ ਦੇ ਸੀਸੀਟੀਵੀ ਖੰਘਾਲਣ ’ਤੇ ਪੁਲਿਸ ਨੂੰ ਅਹਿਮ ਜਾਣਕਾਰੀ ਮਿਲੀ। ਕਈ ਥਾਵਾਂ ’ਤੇ ਰੇਡ ਕੀਤੀ ਗਈ। ਇਸ ਪਿੱਛੋਂ ਕਿਸੇ ਸੂਤਰ ਤੋਂ ਮਿਲੀ ਜਾਣਕਾਰੀ ’ਤੇ ਪੁਲਿਸ ਨੇ ਬੰਧੂ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਮੰਗਲਾਪੁਰੀ ਦਾ ਰਹਿਣ ਵਾਲਾ ਹੈ ਤੇ ਉਸ ਦੀਆਂ ਪੰਜ ਸਹੇਲੀਆਂ ਹਨ ਤੇ ਉਨ੍ਹਾਂ ਦੀ ਐਸ਼ੋ-ਆਰਾਮ ਦੀ ਜ਼ਿੰਦਗੀ ਲਈ ਉਸ ਨੂੰ ਚੋਰੀ ਕਰਨੀ ਪੈਂਦੀ ਹੈ। ਉਸ ਨੇ ਦੱਸਿਆ ਕਿ ਉਸ ਨੇ ਕਈ ਵਾਰ ਖ਼ੁਦ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਪਰ ਗਰਲ ਫਰੈਂਡ ਦੀਆਂ ਫਜ਼ੂਲ ਦੀਆਂ ਮੰਗਾਂ ਪੂਰੀਆਂ ਕਰਨ ਲਈ ਉਸ ਨੂੰ ਚੋਰੀ ਕਰਨੀ ਹੀ ਪੈਂਦੀ ਸੀ। ਬੰਧੂ ਇੱਕ ਕਿਰਾਏ ਦੇ ਕਮਰੇ ਵਿੱਚ ਚੋਰੀ ਦਾ ਸਾਮਾਨ ਰੱਖਦਾ ਸੀ ਤੇ ਕੁਝ ਸਮੇਂ ਬਾਅਦ ਉਸ ਨੂੰ ਟਿਕਾਣੇ ਲਾ ਦਿੰਦਾ ਸੀ। ਪੁਲਿਸ ਨੇ ਉਸ ਕੋਲੋਂ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਕੀਤੀ ਹੈ। ਉਸ ਦੇ ਫੜੇ ਜਾਣ ਨਾਲ ਪੁਲਿਸ ਨੇ ਕਰੀਬ 20 ਹੋਰ ਕੇਸਾਂ ਦੀ ਗੁੱਥੀ ਸੁਲਝਾ ਲਈ ਹੈ।